Punjab-ChandigarhTop News

ਬਾਰਾਂਦਰੀ ਦੇ ਸੁੰਦਰੀਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼

ਪਟਿਆਲਾ, 16 ਸਤੰਬਰ:
ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਬਾਰਾਂਦਰੀ ਮੈਨਟੇਨੈਂਸ ਕਮੇਟੀ ਸਾਕਸ਼ੀ ਸਾਹਨੀ ਨੇ ਬਾਰਾਂਦਰੀ ਬਾਗ ਦੇ ਸੁੰਦਰੀਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰਬੀਰ ਸਿੰਘ ਮਾਨ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਬਾਗਬਾਨੀ ਵਿਭਾਗ ਨੂੰ ਬਾਰਾਂਦਰੀ ਬਾਗ ਅੰਦਰ ਲੱਗੇ ਫੁਹਾਰਿਆਂ ਦੀ ਦੇਖਭਾਲ, ਬੂਟਿਆਂ ਦੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕਰਨ ਸਮੇਤ ਸਵੈ ਸਹਾਇਤਾ ਗਰੁੱਪਾਂ ਲਈ ਸੇਲ ਆਊਟਲੈੱਟ ਅਤੇ ਵੇਰਕਾ ਬੂਥ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਬਾਰਾਂਦਰੀ ਵਿੱਚ ਸੁਰੱਖਿਆ ਅਤੇ ਸਾਫ਼ ਸਫ਼ਾਈ ਲਈ ਹੋਰ ਮੁਲਾਜ਼ਮ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਬਾਰਾਂਦਰੀ ਬਾਗ ਦੇ ਅੰਦਰ ਬਣੇ ਜਿੰਮ ਦੀਆਂ ਮਸ਼ੀਨਾਂ ਦੀ ਵਰਤੋਂ ਕਰਨ ਦੇ ਸਹੀ ਢੰਗ ਦਰਸਾਉਂਦੇ ਡਿਸਪਲੇ ਬੋਰਡ ਲਗਾਉਣ ਲਈ ਕਿਹਾ ਤਾਂ ਜੋ ਮਸ਼ੀਨਾਂ ਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬਿਜਲੀ ਨੂੰ ਬਾਰਾਂਦਰੀ ਬਾਗ ਵਿੱਚ ਲੱਗੇ ਸਾਊਂਡ ਸਿਸਟਮ ਦੀ ਰਿਪੇਅਰ ਸਬੰਧੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਬਾਰਾਂਦਰੀ ਬਾਗ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਸੈਰ ਕਰਨ ਲਈ ਆਉਂਦੇ ਹਨ, ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਢੁਕਵੇਂ ਪ੍ਰਬੰਧ ਕਰਨੇ ਜ਼ਰੂਰੀ ਹਨ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਦੋ ਹਫ਼ਤੇ ਦੇ ਅੰਦਰ ਆਪਣੀ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਵਿੱਚ ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਐਡਵੋਕੇਟ ਐਚ.ਐਨ. ਮਹਿਸਮਪੁਰੀ, ਵਿਨੋਦ ਕੁਮਾਰ, ਕਾਰਜਕਾਰੀ ਇੰਜੀਨੀਅਰ ਦਲਜੀਤ ਸਿੰਘ, ਐਕਸੀਅਨ ਬਾਗਬਾਨੀ ਨਗਰ ਨਿਗਮ ਦਲੀਪ ਕੁਮਾਰ ਤੇ ਐਕ.ਸੀ.ਐਨ. ਬੀ. ਐਂਡ ਆਰ ਪਿਯੂਸ਼ ਅਗਰਵਾਲ ਵੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button