ਪਟਿਆਲਾ ਜਿਮਖਾਨਾ ਵਿੱਚ ਸੁਤੰਤਰਤਾ ਦਿਵਸ ਮਨਾਇਆ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਵੱਲੋਂ ਸ਼ਮੂਲੀਅਤ
ਪਟਿਆਲਾ ਜਿਮਖਾਨਾ ਵਿੱਚ ਸੁਤੰਤਰਤਾ ਦਿਵਸ ਮਨਾਇਆ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਵੱਲੋਂ ਸ਼ਮੂਲੀਅਤ
-ਵਿੱਤ ਮੰਤਰੀ ਨੇ ਕੌਮੀ ਅਖੰਡਤਾ, ਆਪਸੀ ਭਾਈਚਾਰਾ ਤੇ ਸ਼ਾਂਤੀ ਬਰਕਰਾਰ ਰੱਖਣ ਉਤੇ ਜ਼ੋਰ ਦਿੱਤਾ
ਪਟਿਆਲਾ, 16 ਅਗਸਤ:
ਰਜਿੰਦਰਾ ਜਿਮਖਾਨਾ ਅਤੇ ਮਹਿੰਦਰਾ ਕਲੱਬ ਨੇ ਪਟਿਆਲਾ ਦੀ ਵਿਰਾਸਤ ਵਿੱਚ ਆਪਣਾ 125 ਸਾਲਾਂ ਤੋਂ ਵਧੇਰੇ ਦਾ ਸਫ਼ਰ ਪੂਰਾ ਕਰਦਿਆਂ ਆਜ਼ਾਦੀ ਦਿਹਾੜੇ ਨੂੰ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ।
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕੌਮੀ ਅਖੰਡਤਾ, ਆਪਸੀ ਭਾਈਚਾਰਾ ਤੇ ਸ਼ਾਤੀ ਬਰਕਰਾਰ ਰੱਖਣ ‘ਤੇ ਜ਼ੋਰ ਦਿੰਦਿਆਂ ਆਸ ਜਤਾਈ ਕਿ ਦੇਸ਼ ਦੀ ਆਜ਼ਾਦੀ ਦੇ 75ਵਰ੍ਹੇ ਪੂਰੇ ਹੋਣ ਮਗਰੋਂ ਸਾਡਾ ਦੇਸ਼ ਅਤੇ ਪੰਜਾਬ ਭਵਿੱਖ ਵਿੱਚ ਹੋਰ ਅੱਗੇ ਵਧੇਗਾ।ਸ. ਚੀਮਾ ਨੇ ਕਲੱਬ ਦੇ ਪ੍ਰਧਾਨ ਡਾ. ਸੁਧੀਰ ਵਰਮਾ ਤੇ ਸਮੂਹ ਮੈਂਬਰਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪਟਿਆਲਾ ਦੇ ਵਿਧਾਇਕਾਂ ਡਾ. ਬਲਬੀਰ ਸਿੰਘ ਅਤੇ ਸ. ਅਜੀਤਪਾਲ ਸਿੰਘ ਕੋਹਲੀ ਨੇ ਵਾਤਾਵਰਣ, ਸਿਹਤ ਅਤੇ ਸਿੱਖਿਆ ‘ਤੇ ਜ਼ੋਰ ਦਿੱਤਾ ਕਿਹਾ ਕਿ ਸਾਨੂੰ ਦਰਪੇਸ਼ ਫੌਰੀ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਪੁੱਜੇ ਹੋਰਨਾਂ ਪਤਵੰਤਿਆਂ ‘ਚ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਅਰੁਣ ਸੇਖੜੀ, ਪਟਿਆਲਾ ਜ਼ੋਨ ਦੇ ਆਈ.ਜੀ. ਐਮ.ਐਸ. ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੀ.ਆਰ.ਟੀ.ਸੀ. ਦੇ ਐਮ.ਡੀ ਪੂਨਮਦੀਪ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਸਮੇਤ ਹੋਰ ਮੌਜੂਦ ਸਨ।
ਆਰਜੀਐਮਸੀ ਦੇ ਪ੍ਰਧਾਨ ਡਾ. ਸੁਧੀਰ ਵਰਮਾ ਨੇ ਮੈਂਬਰਾਂ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਲੱਬ ਦੇਸ਼ ਅਤੇ ਸਮਾਜ ਲਈ ਆਪਣਾ ਯੋਗਦਾਨ ਪਾਉਂਦਾ ਰਹੇਗਾ। ਆਰ.ਜੀ.ਐਮ.ਸੀ. ਦੇ ਸਕੱਤਰ ਵਿਨੋਦ ਸ਼ਰਮਾ ਨੇ ਕਾਰਜਕਾਰੀ ਮੈਂਬਰਾਂ ਅਤੇ ਸਮੂਹ ਹਾਜ਼ਰੀਨ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਸਾਰਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਬੂੰਦਾ-ਬਾਂਦੀ ਦੇ ਬਾਵਜੂਦ ਕਲੱਬ ਮੈਂਬਰਾਂ ਤੇ ਹੋਰ ਸ਼ਖ਼ਸੀਅਤਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਮਾਸਟਰ ਸਲੀਮ ਵੱਲੋਂ ਗਾਏ ਦੇਸ਼ ਭਗਤੀ ਅਤੇ ਹੋਰ ਗੀਤਾਂ ਨੂੰ ਭਰਵਾਂ ਹੁੰਗਾਰਾ ਭਰਿਆ। ਕਲੱਬ ਦੀ ਪੂਰੀ ਇਮਾਰਤ ਨੂੰ ਤਿਰੰਗੇ ਦੇ ਰੰਗਾਂ ਵਿੱਚ ਸਜਾਇਆ ਗਿਆ ਸੀ ਜਿਸਦੀ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ।