ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਲੋੜਵੰਦ ਤੇ ਪ੍ਰੇਸ਼ਾਨ ਔਰਤਾਂ ਲਈ ਵਰਦਾਨ ਸਾਬਿਤ ਹੋਇਆ
ਪਟਿਆਲਾ, 5 ਅਗਸਤ:
ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਕ੍ਰਿਸ਼ਨਾ ਲੈਬ ਦੇ ਸਾਹਮਣੇ ਹਫ਼ਤੇ ਦੇ 7 ਦਿਨ 24 ਘੰਟੇ ਨਿਰੰਤਰ ਕਾਰਜਸ਼ੀਲ ਸਖੀ-ਵਨ ਸਟਾਪ ਸੈਂਟਰ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਸੈਂਟਰ ਦਾ ਮੁੱਢਲਾ ਮਕਸਦ ਪੀੜਤ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਕੇ ਉਨ੍ਹਾਂ ਨੂੰ ਯੋਗ ਸਹਾਇਤਾ ਰਾਹੀਂ ਨਿਆਂ ਦਿਵਾਉਣਾ ਯਕੀਨੀ ਬਣਾਉਣਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ ਇਸ ਸੈਂਟਰ ਵਿਖੇ ਹੁਣ ਤੱਕ 253ਦੇ ਕਰੀਬ ਕੇਸ ਪ੍ਰਾਪਤ ਹੋਏ ਸਨ। ਇਨ੍ਹਾਂ ‘ਚੋਂ 41 ਕੇਸਾਂ ‘ਚ ਕਾਊਂਸਲਿੰਗ ਦੇ ਮਾਧਿਅਮ ਰਾਹੀਂ ਘਰ ਵਸਾਏ ਗਏ ਅਤੇ 24 ਕੇਸਾਂ ‘ਚ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਤੋਂ ਇਲਾਵਾ 6 ਮਾਮਲਿਆਂ ‘ਚ ਮੈਡੀਕਲ ਸਹਾਇਤਾ ਦਿੱਤੀ ਗਈ। 21 ਕੇਸਾਂ ‘ਚ ਅਸਥਾਈ ਆਸਰਾ ਦੇਣ ਤੋਂ ਇਲਾਵਾ 141 ਕੇਸਾਂ ‘ਚ ਮਨੋਵਿਗਿਆਨਕ ਕਾਊਂਸਲਿੰਗ ਕੀਤੀ।ਜਦੋਂਕਿ 119 ਕਾਨੂੰਨੀ ਕਾਊਂਸਲਿੰਗ ਅਤੇ 34 ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਸਖੀ ਵਨ ਸਟਾਪ ਸੈਂਟਰ, ਪਟਿਆਲਾ ਦੇ ਇੰਚਾਰਜ ਰਾਜਮੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਨ ਸਟਾਪ ਸੈਂਟਰ ਵਿਖੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਪੀੜਿਤ ਔਰਤ ਅਤੇ ਲੜਕੀ (ਘਰੇਲੂ ਹਿੰਸਾ, ਜਬਰ ਜਨਾਹ, ਐਸਿਡ ਅਟੈਕ, ਬਾਲ ਯੋਨ-ਸ਼ੋਸ਼ਣ, ਬਾਲ ਵਿਆਹ, ਦਹੇਜ ਉਤਪੀੜਨ, ਸਾਈਬਰ ਕ੍ਰਾਈਮ, ਮਹਿਲਾ ਤਸਕਰੀ, ਗੁੰਮਸ਼ੁਦਾ ਆਦਿ) ਨੂੰ ਇੱਕੋ ਛੱਤ ਥੱਲੇ ਕਾਊਂਸਲਿੰਗ, ਮਨੋਵਿਗਿਆਨਕ ਕਾਊਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ ਤੇ ਅਸਥਾਈ ਆਸਰਾ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ।
ਵਨ ਸਟਾਪ ਸੈਂਟਰ ਹਿੰਸਾ, ਸ਼ੋਸ਼ਣ ਜਾਂ ਕਿਸੇ ਹੋਰ ਸਮੱਸਿਆ ਤੋਂ ਪ੍ਰਭਾਵਿਤ ਔਰਤਾਂ ਨੂੰ ਏਕੀਕ੍ਰਿਤ ਸੇਵਾਵਾਂ ਇੱਕੋ ਛੱਤ ਥੱਲੇ ਪ੍ਰਦਾਨ ਕਰਦਾ ਹੈ, ਜਿਨ੍ਹਾਂ ‘ਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ/ਕੇਸ ਪ੍ਰਬੰਧਨ, ਮਨੋ-ਰੋਗ ਮਾਹਿਰ ਦੀ ਸਲਾਹ ਅਤੇ ਅਸਥਾਈ ਸਹਾਇਤਾ ਸੇਵਾਵਾਂ ਸ਼ਾਮਲ ਹਨ। ਪੀੜਤ ਔਰਤਾਂ ਨਿੱਜੀ ਤੌਰ ‘ਤੇ ਇਸ ਕੇਂਦਰ ਤੱਕ ਪਹੁੰਚ ਕਰ ਸਕਦੀਆਂ ਹਨ।