Punjab-Chandigarh

ਨਵੀਆਂ ਤਕਨੀਕਾਂ ਨਾਲ ਪੰਜਾਬ ਦੀਆਂ ਜੇਲਾਂ ‘ਚ ਬੰਦ ਹੋਵੇਗਾ ਫੋਨ ਕਲਚਰ- ਜੇਲ ਮੰਤਰੀ ਬੈਂਸ

ਪਟਿਆਲਾ, 25 ਮਾਰਚ:
ਪੰਜਾਬ ਦੇ ਨਵੇਂ ਜੇਲ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ ਅਚਨਚੇਤ ਦੌਰਾ ਕਰਕੇ ਜੇਲ ਦਾ ਪੂਰੀ ਬਰੀਕੀ ਨਾਲ ਨਿਰੀਖਣ ਕੀਤਾ। ਸ. ਬੈਂਸ ਨੇ ਕਿਹਾ ਕਿ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੀਆਂ ਜੇਲਾਂ ਵਿੱਚ ਆਧੁਨਿਕ ਤੇ ਬਿਹਤਰ ਤਕਨੀਕਾਂ ਵਰਤਕੇ ਫੋਨ ਕਲਚਰ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੰਦਿਆਂ ਜੇਲ ਦੀ ਸੁਰੱਖਿਆ ਨੂੰ ਹਰ ਪੱਖੋਂ ਹੋਰ ਕਰੜੀ ਕਰਨ ਸਮੇਤ ਜੇਲ ‘ਚ ਬੰਦ ਹਰੇਕ ਬੰਦੀ ਨਾਲ ਕਾਨੂੰਨ ਮੁਤਾਬਕ ਇੱਕੋ ਜਿਹੇ ਵਰਤਾਓ ਕਰਨ ਦੀ ਸਖ਼ਤ ਹਦਾਇਤ ਵੀ ਕੀਤੀ।
ਜੇਲਾਂ, ਕਾਨੂੰਨ, ਖਨਣ ਤੇ ਭੂ ਵਿਗਿਆਨ, ਸੈਰ ਸਪਾਟਾ ਤੇ ਸੱਭਿਆਚਾਰਕ ਅਤੇ ਵਿਧਾਨਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ.  ਹਰਜੋਤ ਸਿੰਘ ਬੈਂਸ ਨੇ ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੀਆਂ ਜੇਲਾਂ ਨੂੰ ਹਰ ਪੱਖੋਂ ਸੁਰੱਖਿਅਤ ਕੀਤਾ ਜਾਵੇਗਾ ਅਤੇ ਹੁਣ ਜੇਲਾਂ ਵਿੱਚੋਂ ਫੋਨ ਨਹੀਂ ਬਲਕਿ ਸਕੂਨ ਹੀ ਆਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਜੇਲ ਅਧਿਕਾਰੀਆਂ ਨੂੰ ਮਿਲੇ ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜੇਲਾਂ ਵੱਲ ਕੋਈ ਧਿਆਨ ਨਾ ਦੇ ਕੇ ਨਾਂ ਤਾਂ ਨਵੀਂ ਭਰਤੀ ਕੀਤੀ ਅਤੇ ਨਾਂ ਹੀ ਲੋੜੀਂਦੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਪਰੰਤੂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲ ਮਹਿਕਮੇ ‘ਚ ਨਸ਼ੇ ਦੇ ਆਦੀ ਬੰਦੀਆਂ ਦੇ ਇਲਾਜ ਲਈ ਮਨੋਵਿਗਿਆਨੀਆਂ ਤੇ ਮਨੋਰੋਗ ਮਾਹਰਾਂ ਅਤੇ ਹੋਰ ਅਮਲੇ ਦੀ ਨਵੀਂ ਭਰਤੀ ਕਰਨ ਸਮੇਤ ਆਧੁਨਿਕ ਉਪਕਰਨ ਵੀ ਪ੍ਰਦਾਨ ਕੀਤੇ ਜਾਣਗੇ।
ਸ. ਬੈਂਸ ਨੇ ਹੋਰ ਸਪੱਸ਼ਟ ਕੀਤਾ ਕਿ ਕਿਸੇ ਵੀ ਬੰਦੀ ਨੂੰ ਵੀ.ਆਈ.ਪੀ. ਟਰੀਟਮੈਂਟ ਨਹੀਂ ਦਿੱਤਾ ਜਾਵੇਗਾ ਅਤੇ ਹਰ ਇਕ ਬੰਦੀ ਨਾਲ ਜੇਲ ਮੈਨੁਅਲ ਮੁਤਾਬਕ ਇੱਕੋ-ਜਿਹਾ ਵਰਤਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜੇਲ ਅਧਿਕਾਰੀ ਅਜਿਹੇ ਜਾਂ ਕਿਸੇ ਵੀ ਹੋਰ ਮਾਮਲੇ ਸਮੇਤ ਜੇਲਾਂ ‘ਚ ਨਸ਼ਿਆਂ ਦੀ ਤਸਕਰੀ ਆਦਿ ‘ਚ ਦੋਸ਼ੀ ਪਾਇਆ ਗਿਆ ਤਾਂ ਉਸ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਹੋਰ ਕਿਹਾ ਕਿ ਜੇਲਾਂ ‘ਚ ਸੁਧਾਰਾਂ ਨੂੰ ਤਰਜੀਹ ਦਿੰਦਿਆਂ ਪੰਜਾਬ ‘ਚ ਨਵੀਆਂ ਜੇਲਾਂ ਵੀ ਉਸਾਰੀਆਂ ਜਾਣਗੀਆਂ।
ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਹਰ ਮਾਮਲੇ ਦੀ ਪੂਰੀ ਬਾਰੀਕੀ ਨਾਲ ਘੋਖ ਰਹੇ ਹਨ ਅਤੇ ਬਹੁਤ ਜਲਦ ਹੀ ਭੂਖਨਣ ਦੇ ਮਾਮਲੇ ‘ਚ ਵੀ ਵੱਡਾ ਫੈਸਲਾ ਲਿਆ ਜਾਵੇਗਾ। ਜੇਲ ਮੰਤਰੀ ਨੇ ਆਈ.ਜੀ. ਜੇਲਾਂ ਰੂਪ ਕੁਮਾਰ, ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਗਰਗ, ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਡਿਪਟੀ ਸੁਪਰਡੈਂਟ ਹਰਜੋਤ ਸਿੰਘ ਕਲੇਰ, ਅਤੇ ਹੋਰ ਜੇਲ ਅਧਿਕਾਰੀਆਂ ਨਾਲ ਵਿਸਥਾਰ ‘ਚ ਜੇਲ ਪ੍ਰਬੰਧਾਂ ਬਾਰੇ ਮੀਟਿੰਗ ਕਰਕੇ ਜੇਲ ਦਾ ਜਾਇਜ਼ਾ ਲਿਆ।

Spread the love

Leave a Reply

Your email address will not be published. Required fields are marked *

Back to top button