4 ਵੱਡੇ ਸ਼ਹਿਰਾਂ ਨੂੰ ਦਰਿਆਵਾਂ ਤੇ ਨਹਿਰਾਂ ਦਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾਬੰਦੀ-ਨਿੱਝਰ
ਚੰਡੀਗੜ੍ਹ / ਕਪੂਰਥਲਾ , 2 ਅਗਸਤ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ 4 ਮਹਾਂਨਗਰਾਂ ਜਲੰਧਰ, ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਪੀਣ ਯੋਗ ਨਹਿਰੀ ਪਾਣੀ ਮੁਹੱਈਆ ਕਰਵਾਏਗੀ ਜਿਸ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਡਿੱਗਦੇ ਪੱਧਰ ਨੂੰ ਬਚਾਇਆ ਜਾ ਸਕੇ।
ਅੱਜ ਕਪੂਰਥਲਾ ਜ਼ਿਲ੍ਹੇ ਵਿਚ ਆਪਣੀ ਪਲੇਠੀ ਫੇਰੀ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਰਿਆਈ/ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਯੋਜਨਾਬੰਧੀ ਕੀਤੀ ਹੈ ਤੇ ਪਹਿਲੇ ਪੜਾਅ ਤਹਿਤ 4 ਵੱਡੇ ਸ਼ਹਿਰਾਂ ਨੂੰ 25 ਤੋਂ 30 ਸਾਲਾਂ ਦੀ ਯੋਜਨਾ ਤਹਿਤ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 85 ਹੋਰ ਸ਼ਹਿਰਾਂ ਅਤੇ ਕਸਬਿਆਂ ਦੀ ਵੀ ਸ਼ਨਾਖਤ ਕੀਤੀ ਗਈ ਹੈ ਜੋ ਕਿ ਦਰਿਆ ਜਾਂ ਨਹਿਰ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ, ਨੂੰ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਦਰਿਆ ਜਾਂ ਨਹਿਰ ਤੋਂ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਅਧਿਕਾਰੀ ਨਿੱਜੀ ਤੌਰ ਤੇ ਕੰਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਹੜੇ ਠੇਕੇਦਾਰ ਸਮਾਂਬੱਧ ਢੰਗ ਨਾਲ ਵਿਕਾਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਅਸਫ਼ਸਲ ਰਹਿਣ, ਉਨ੍ਹਾਂ ਨੂੰ ਭਵਿੱਖ ਦੇ ਕੰਮਾਂ ਲਈ ਬਲੈਕ ਆਊਟ ਕੀਤਾ ਜਾਵੇ ਤਾਂ ਜੋ ਸਰਕਾਰੀ ਕੰਮਾਂ ਵਿਚ ਕੁਸ਼ਲਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਲ੍ਹੇ ਵਿਚ ਬਣਨ ਜਾ ਰਹੇ ਮੈਡੀਕਲ ਕਾਲਜ ਦੀ ਪ੍ਰਗਤੀ ਬਾਰੇ ਮੁਲਾਂਕਣ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਖੁਦ ਨਿੱਜੀ ਤੌਰ ਤੇ ਇਸ ਮਸਲੇ ਨੂੰ ਪੰਜਾਬ ਸਰਕਾਰ ਨਾਲ ਉਠਾਉਣਗੇ ਤਾਂ ਜੋ ਅੰਤਰ ਵਿਭਾਗੀ ਤਾਲਮੇਲ ਨਾਲ ਮੈਡੀਕਲ ਕਾਲਜ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਇਹ ਮੈਡੀਕਲ ਕਾਲਜ ਸਿਵਲ ਹਸਪਤਾਲ ਵਿਚ ਕਰੀਬ 11.50 ਏਕੜ ਵਿਚ ਬਣਾਇਆ ਜਾਣਾ ਹੈ।
ਕੈਬਨਿਟ ਮੰਤਰੀ ਨੇ ਸੜਕਾਂ ਦੀ ਗੁਣਵੱਤਾ ਅਤੇ ਪਾਣੀ ਦੀ ਨਿਕਾਸੀ ਸਬੰਧੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮਾੜੀ ਗੁਣਵੱਤਾ ਵਾਲੀਆਂ ਸੜਕਾਂ ਸਬੰਧੀ ਸਖਤ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਰਲ ਕੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਰਸਾਤੀ ਮੌਸਮ ਵਿਚ ਸੜਕਾਂ ’ਤੇ ਲੁੱਕ ਪਾਏ ਜਾਣ ਦੀ ਸਥਿਤੀ ਵਿਚ ਸਬੰਧਿਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਰੇਕ ਪ੍ਰਾਜੈਕਟ ਦੇ ਵੇਰਵੇ ਡਿਸਪਲੇਅ ਬੋਰਡ ’ਤੇ ਲਗਾਏ ਜਾਣ, ਜਿਨ੍ਹਾਂ ਵਿਚ ਸੜਕ ਦੀ ਗੁਣਵੱਤਾ, ਸੜਕ ਦੀ ਲੰਬਾਈ, ਕੰਟਰੈਕਟਰ ਦਾ ਨਾਮ, ਸਬੰਧਿਤ ਐਕਸੀਅਨ ਅਤੇ ਨੋਡਲ ਏਜੰਸੀ ਜਿਨ੍ਹਾਂ ਵਲੋਂ ਪ੍ਰਾਜੈਕਟ ਦਾ ਨਿਰਮਾਣ ਕਰਵਾਇਆ ਗਿਆ ਹੋਵੇ, ਦਾ ਮੋਬਾਇਲ ਨੰਬਰ ਨੂੰ ਪ੍ਰਕਾਸ਼ਿਤ ਕਰਵਾਇਆ ਜਾਵੇ।
ਸੁਲਤਾਨਪੁਰ ਦੇ ਸਮਾਰਟ ਸਿਟੀ ਤਹਿਤ 16 ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੁਲਤਾਨਪੁਰ ਦੇ ਸਮਾਰਟ ਸਿਟੀ ਪ੍ਰਾਜੈਕਟ ਨੂੰ ਜੰਗੀ ਪੱਧਰ ਤੇ ਮੁਕੰਮਲ ਕਰਵਾਇਆ ਜਾਵੇ ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਨ ਹੋਣ ਉਪਰੰਤ ਨਾ ਸਿਰਫ਼ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਸਗੋਂ ਸੁਲਤਾਨਪੁਰ ਲੋਧੀ ਇਕ ਧਾਰਮਿਕ ਸੈਰ-ਸਪਾਟੇ ਵਜੋਂ ਉੱਭਰ ਕੇ ਦੇਸ਼ ਦੁਨੀਆਂ ਦੇ ਨਕਸ਼ੇ ’ਤੇ ਸਾਹਮਣੇ ਆਵੇਗਾ।
ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਕਿ ਉਹ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਵਰਤਣ ਕਰਨ ਸਬੰਧੀ ਪ੍ਰੇਰਿਤ ਕਰਨ। ਇਸਦੇ ਨਾਲ ਹੀ ਨਗਰ ਨਿਗਮ ਵਿਖੇ ਹੈਲਪ ਲਾਈਨ ਨੰਬਰ ਅਤੇ ਸਿੰਗਲ ਵਿੰਡੋ ਸਿਸਟਮ ਸਥਾਪਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜਿਆ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਹੋਰ ਸੁਵਿਧਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਏ.ਡੀ.ਸੀ (ਸ਼ਹਿਰੀ ਵਿਕਾਸ) ਅਤੇ ਨਗਰ ਨਿਗਮ ਕਮਿਸ਼ਨਰ ਨੂੰ ਹਾਊਸਿੰਗ ਸੁਸਾਇਟੀ ਅਤੇ ਕਮਰਸ਼ੀਅਲ ਮਾਲ ਜਾਂ ਮਲਟੀਪਲੈਕਸਾਂ ਦੇ ਨਕਸ਼ਿਆਂ ਤੋਂ ਇਲਾਵਾ ਬਾਕੀ ਬਿਲਡਿੰਗਾਂ ਦੇ ਨਕਸ਼ੇ ਪਾਸ ਕਰਨ ਦੇ ਲਈ ਵੀ ਅਧਿਕਾਰਿਤ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਪਹਿਲੀ ਵਾਰ ਜ਼ਿਲ੍ਹੇ ਵਿਚ ਆਉਣ ’ਤੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਐਸ.ਐਸ.ਪੀ ਕਪੂਰਥਲਾ ਸ੍ਰੀ ਨਵਨੀਤ ਸਿੰਘ ਦੀ ਹਾਜ਼ਰੀ ਹੇਠ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਭਰੋਸਾ ਦਵਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਲਗਨ ਅਤੇ ਤਨਦੇਹੀ ਨਾਲ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦਾ ਲਾਭ ਲੋਕਾਂ ਤੱਕ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਗੇ ਅਤੇ ਜਾਰੀ ਪ੍ਰਾਜੈੱਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਏ.ਡੀ.ਸੀ (ਜ) ਅਜੈ ਅਰੋੜਾ, ਏ.ਡੀ.ਸੀ ਫਗਵਾੜਾ ਡਾ: ਨਯਨ ਜੱਸਲ, ਏ.ਡੀ.ਸੀ (ਡੀ) ਐਸ.ਪੀ ਆਂਗਰਾ, ਏ.ਡੀ.ਸੀ (ਸ਼ਹਿਰੀ ਵਿਕਾਸ) ਅਨੁਪਮ ਕਲੇਰ, ਐਸ.ਡੀ.ਐਮ ਸੁਲਤਾਨਪੁਰ ਲੋਧੀ, ਐਸ.ਡੀ.ਐਮ ਕਪੂਰਥਲਾ ਹਰਦੀਪ ਸਿੰਘ, ਆਪ ਆਗੂ ਮੰਜੂ ਰਾਣਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ , ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨਿਕਿਤਾ ਸਿਖਲਾਣੀ, ਰਣਜੀਤ ਸਿੰਘ ਰਾਣਾ, ਸੂਬਾ ਸਕੱਤਰ ਗੁਰਸ਼ਰਨ ਸਿੰਘ ਕਪੂਰ, ਸੂਬਾ ਸੰਯੁਕਤ ਸਕੱਤਰ ਗੁਰਪਾਲ ਸਿੰਘ, ਪਰਵਿੰਦਰ ਸਿੰਘ ਢੋਟ ਆਦਿ ਹਾਜ਼ਰ ਸਨ।
ਕੈਪਸ਼ਨ-ਕਪੂਰਥਲਾ ਵਿਖੇ ਕੈਬਨਿਟ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਨੂੰ ਗਾਰਡ ਆਫ ਆਨਰ ਪੇਸ਼ ਕਰਦੀ ਹੋਈ ਪੰਜਾਬ ਪੁਲਿਸ ਦੀ ਟੁਕੜੀ ਤੇ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ। ਨਾਲ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਤੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਵੀ ਦਿਖਾਈ ਦੇ ਰਹੇ ਹਨ।
ਕੈਪਸ਼ਨ-ਕਪੂਰਥਲਾ ਵਿਖੇ ਵਿਕਾਸ ਕੰਮਾਂ ਤੇ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ। ਨਾਲ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਤੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਵੀ ਦਿਖਾਈ ਦੇ ਰਹੇ ਹਨ।