ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਵਿਦਿਆਰਥਣਾਂ ਨੂੰ ਕੀਤਾ ਜਾਗਰੂਕ
ਪਟਿਆਲਾ, 8 ਦਸੰਬਰ:
ਪਟਿਆਲਾ ਪੁਲਿਸ ਦੀ ਮਹਿਲਾ ਮਿੱਤਰ ਟੀਮ ਨੇ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਵਿਦਿਆਰਥਣਾਂ ਨੂੰ ਮਹਿਲਾਵਾਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ਨੂੰ ਖ਼ਤਮ ਕਰਨ ਲਈ ਜਾਗਰੂਕ ਕਰਨ ਲਈ ਪ੍ਰੋਗਰਾਮ ਕੀਤਾ।
ਪੰਜਾਬ ਪੁਲਿਸ ਮਹਿਲਾ ਮਿੱਤਰ ਦੀ ਇੰਚਾਰਜ ਇੰਸਪੈਕਟਰ ਤਰਨਦੀਪ ਕੌਰ ਚਹਿਲ ਦੀ ਮਹਿਲਾ ਮਿੱਤਰ ਦੀ ਟੀਮ ਨੇ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ, ਸਾਇਬਰ ਸੇਫਟੀ, ਪੋਕਸੋ ਐਕਟ, ਸਾਂਝ ਕੇਂਦਰ ਤੇ ਪੁਲਿਸ ਹੈਲਪ ਲਾਇਨ 112 ਤੇ 181 ਬਾਰੇ ਜਾਣਕਾਰੀ ਦਿੱਤੀ।ਵਿਦਿਆਰਥਣਾਂ ਨੂੰ ਮਹਿਲਾਵਾਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ਨੂੰ ਖਤਮ ਕਰਨ ਲਈ ਘਰੇਲੂ ਹਿੰਸਾ ਐਕਟ-2005, ਸੈਕਸੂਅਲ ਹਰਾਸਮੈਂਟ ਐਕਟ-2013 ਧਾਰਾਵਾਂ ਤੋਂ ਜਾਣੂ ਕਰਵਾਇਆ।
ਇੰਸਪੈਕਟਰ ਤਰਨਦੀਪ ਕੌਰ ਚਹਿਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਮਹਿਲਾ ਰੱਖਿਆ ਡਵੀਜ਼ਨ ਵੱਲੋਂ ਮਹਿਲਾਵਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਅਰੰਭੀ ਜਾਗਰੂਕਤਾ ਮੁਹਿੰਮ ਵਜੋਂ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ।
ਮਹਿਲਾ ਮਿੱਤਰ ਦੀ ਇੰਚਾਰਜ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਹਰ ਇੱਕ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਵਿੱਚ ਦੋ-ਦੋ ਪੰਜਾਬ ਪੁਲਿਸ ਮਹਿਲਾ ਕਰਮਚਾਰੀ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਉਹਨਾਂ ਨੂੰ ਜਲਦ ਇਨਸਾਫ ਦਿਵਾਉਣ ਲਈ ਵਿਸ਼ੇਸ ਉਪਰਾਲੇ ਵੱਜੋਂ ਤਾਇਨਾਤ ਕੀਤੇ ਗਏ ਹਨ। ਇਸ ਤੋ ਇਲਾਵਾ ਸ਼ੋਸਲ ਮੀਡੀਆ ਉੱਤੇ ਹੋ ਰਹੇ ਆਨਲਾਈਨ ਫਰਾਡ ਤੋਂ ਵੀ ਜਾਗਰੂਕ ਕੀਤਾ ਗਿਆ।