Punjab-ChandigarhTop News

ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਹੀ ਵਰਤੋਂ ਕਰਕੇ ਪੈਦਾ ਕੀਤੀ ਸੋਨੇ ਵਰਗੀ ਫ਼ਸਲ

ਪਟਿਆਲਾ, 8 ਸਤੰਬਰ:
ਅਜੋਕੇ ਸਮੇਂ ਮੁਕਾਬਲੇਬਾਜ਼ੀ ਤੇ ਵੱਧ ਝਾੜ ਪੈਦਾ ਕਰਨ ਦੀ ਲੱਗੀ ਹੋੜ ਵਿੱਚ ਜਿੱਥੇ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਕੇ ਫ਼ਸਲਾਂ ਬੀਜ ਰਹੇ ਹਨ, ਉੱਥੇ ਪਿੰਡ ਬਿਸ਼ਨਪੁਰ ਛੰਨਾ ਦਾ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਇਕ ਅਜਿਹਾ ਕਿਸਾਨ ਹੈ, ਜੋ ਪਿਛਲੇ ਕਈ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ, ਪਾਣੀ ਦੀ ਬੱਚਤ ਕਰ ਕੇ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦੇ ਹੋਏ ਕੁਦਰਤੀ ਸੋਮਿਆਂ ਦੀ ਮਦਦ ਨਾਲ ਸੋਨੇ ਵਰਗੀਆਂ ਫ਼ਸਲਾਂ ਨੂੰ ਪੈਦਾ ਕਰ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਜਮੋਹਨ ਸਿੰਘ ਕਾਲੇਕਾ ਤੇ ਹੋਰਨਾਂ ਕਿਸਾਨਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਿਸਾਨ ਜਿਥੇ ਸਹੀ ਤਰ੍ਹਾਂ ਪਰਾਲੀ ਪ੍ਰਬੰਧਨ ਕਰ ਸਕਦੇ ਹਨ, ਉਥੇ ਹੀ ਕਿਸਾਨ ਆਪਣੇ ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਮਿਲਾ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਈਨ ਸੀਟੂ ਤੇ ਐਕਸ ਸੀਟੂ ਵਿਧੀਆਂ ਦੀ ਵਰਤੋਂ ਕਰਕੇ ਇਸ ਦਾ ਸਹੀ ਤਰ੍ਹਾਂ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ।
ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੇ ਆਪਣੇ ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਪਿਛਲੇ ਕਾਫ਼ੀ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਨਾ ਹੀ ਆਪਣੀਆਂ ਫ਼ਸਲਾਂ ਉਪਰ ਕਦੇ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ। ਰਾਜਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਾਤਾਵਰਣ ਨੂੰ ਬਚਾਉਣ ਲਈ, ਜ਼ਹਿਰ ਮੁਕਤ ਫ਼ਸਲ ਤਿਆਰ ਕਰਕੇ ਸਮਾਜ ਨੂੰ ਇੱਕ ਸਿਹਤਮੰਦ ਅਤੇ ਨਰੋਆ ਦੇਖਣ ਦਾ ਬੀੜਾ ਚੁੱਕਿਆ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਧਰਤੀ ਵਿੱਚੋਂ ਤੰਦਰੁਸਤ ਫ਼ਸਲ ਪੈਦਾ ਕਰ ਸਕਣ।
ਰਾਜਮੋਹਨ ਸਿੰਘ ਕਾਲੇਕਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਘਰੇਲੂ ਬਗੀਚੀ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਅਤੇ ਫਲ਼ਾਂ ਦੇ ਬੂਟੇ ਲਗਾਏ ਹੋਏ ਹਨ ਤਾਂ ਜੋ ਰੋਜ਼ਮਰ੍ਹਾ ਦੀਆਂ ਚੀਜ਼ਾਂ ਨਾਲ ਉਹ ਬਜ਼ਾਰ ਵਿੱਚੋਂ ਮਿੱਠਾ ਜ਼ਹਿਰ ਨਾ ਖਾਣ ਅਤੇ ਭਿਆਨਕ ਬਿਮਾਰੀਆਂ ਤੋ ਬਚਿਆ ਜਾ ਸਕੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਖੇਤੀਬਾੜੀ ਦਾ ਕਿੱਤਾ ਕਰਦੇ ਹੋਏ ਕੁਦਰਤੀ ਸਰੋਤਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਅਤੇ ਫ਼ਸਲਾਂ ਉੱਪਰ ਕੀਟਨਾਸ਼ਕਾਂ ਦੀ ਦਵਾਈ ਦੀ ਵਰਤੋਂ ਨਾ ਕਰਕੇ ਮਨੁੱਖ ਨੂੰ ਇਕ ਸਿਹਤਮੰਦ ਅਤੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣਾ ਹੈ।
ਜ਼ਿਕਰਯੋਗ ਹੈ ਕਿ ਰਾਜਮੋਹਨ ਸਿੰਘ ਕਾਲੇਕਾ ਨੂੰ ਆਪਣੀ ਵਾਤਾਵਰਣ ਪੱਖੀ ਸਕਾਰਾਤਮਿਕ ਸੋਚ ਸਦਕਾ ਅਨੇਕਾਂ ਹੀ ਮਾਣ-ਸਨਮਾਨ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਉਪਰ ਮਿੱਲ ਚੁੱਕੇ ਹਨ, ਜਿਨ੍ਹਾਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕ੍ਰਿਸ਼ੀ ਕਾਰਮਨ ਐਵਾਰਡ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਟੇਟ ਐਵਾਰਡ, ਭਾਰਤ ਦੇ ਖੇਤੀਬਾੜੀ ਮੰਤਰੀ ਵੱਲੋਂ ਨੈਸ਼ਨਲ ਇਨੋਵੇਟਿਵ ਫਾਰਮਰ ਐਵਾਰਡ,  ਆਈ.ਏ.ਆਰ.ਆਈ ਫੈਲੋਸ਼ਿਪ ਐਵਾਰਡ, ਪੰਜਾਬ ਦੇ ਰਾਜਪਾਲ ਵੱਲੋਂ ਪੀ.ਏ.ਯੂ ਐਵਾਰਡ ਆਦਿ ਨਾਲ ਸਨਮਾਨਿਆ ਗਿਆ ਹੈ।

Spread the love

Leave a Reply

Your email address will not be published. Required fields are marked *

Back to top button