ਕਵਿਤਾ ਗਾਇਨ, ਕਹਾਣੀ, ਕਵਿਤਾ ਤੇ ਲੇਖ ਲਿਖਣ ਮੁਕਾਬਲਿਆਂ ‘ਚ ਸਕੂਲੀ ਬੱਚਿਆਂ ਨੇ ਲਿਆ ਹਿੱਸਾ
ਪਟਿਆਲਾ 9 ਸਤੰਬਰ:
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਦੀ ਦੇਖ-ਰੇਖ ਵਿੱਚ ਪੰਜਾਬੀ ਸਾਹਿਤ ਸਿਰਜਣ (ਲੇਖ ਰਚਨਾ, ਕਹਾਣੀ ਰਚਨਾ ਤੇ ਕਵਿਤਾ ਰਚਨਾ) ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਸਮਾਗਮ ਦਾ ਆਗਾਜ਼ ਭਾਸ਼ਾ ਵਿਭਾਗ ਪੰਜਾਬ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਕੀਤਾ। ਵੱਡੀ ਗਿਣਤੀ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।
ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਜਿੱਥੇ ਸਥਾਪਤ ਸਾਹਿਤਕਾਰਾਂ ਨੂੰ ਸਨਮਾਨ ਦਿੰਦਾ ਹੈ ਉੱਥੇ ਨਵੀਂ ਪੀੜ੍ਹੀ ਸਾਹਿਤ ਨਾਲ ਜੋੜਨ ਲਈ ਹੱਲਾਸ਼ੇਰੀ ਵੀ ਦਿੰਦਾ ਹੈ। ਸਮਾਗਮ ਦੀ ਮੇਜ਼ਬਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਸਭ ਦਾ ਸਵਾਗਤ ਕੀਤਾ ਤੇ ਸਮਾਗਮ ਦੀ ਰੂਪ-ਰੇਖਾ ਦੱਸੀ। ਸ. ਅਮਰਜੀਤ ਸਿੰਘ ਵੜੈਚ, ਗੁਰਚਰਨ ਸਿੰਘ ਪੱਬਾਰਾਲੀ ਅਤੇ ਅਸ਼ਵਨੀ ਬਾਗੜੀਆਂ ਨੇ ਜੱਜਾਂ ਦੀ ਭੂਮਿਕਾ ਨਿਭਾਈ। ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਮੰਚ ਸੰਚਾਲਨ ਕੀਤਾ। ਸਮਾਗਮ ਦੀ ਸਫਲਤਾ ਲਈ ਸ੍ਰੀਮਤੀ ਜਸਪ੍ਰੀਤ ਕੌਰ ਸਹਾਇਕ ਨਿਰਦੇਸ਼ਕਾ, ਨਵਨੀਤ ਕੌਰ ਸੀਨੀਅਰ ਸਹਾਇਕ, ਸੁਰੇਸ਼ ਕੁਮਾਰ ਜੂਨੀਅਰ ਸਕੇਲ ਸਟੈਨੋ, ਜਸਵਿੰਦਰ ਕੌਰ, ਬਿਕਰਮ ਕੁਮਾਰ ਅਤੇ ਸੋਨੂ ਕੁਮਾਰ ਨੇ ਭਰਵਾਂ ਯੋਗਦਾਨ ਪਾਇਆ।
ਸਾਹਿਤ ਸਿਰਜਣ ਮੁਕਾਬਲਿਆਂ ਤਹਿਤ ਲੇਖ ਰਚਨਾ ਵਿਚ ਪਹਿਲਾ ਸਥਾਨ ਅਰਸ਼ਪ੍ਰੀਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਪਹਿਲੇ, ਮਨਜੋਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਪਟਿਆਲਾ ਦੂਸਰੇ ਅਤੇ ਰੂਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਾਣੀ ਪੁਲਿਸ ਲਾਈਨ, ਪਟਿਆਲਾ ਤੀਸਰੇ ਸਥਾਨ ‘ਤੇ ਰਹੀ। ਕਹਾਣੀ ਰਚਨਾ ‘ਚ ਸਿਮਰਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਪਹਿਲੇ, ਅੰਮ੍ਰਿਤਵੀਰ ਐਸ.ਡੀ.ਕੇ.ਐਸ. ਸ਼ਕੁੰਤਲਾ ਸਕੂਲ ਪਟਿਆਲਾ ਦੂਸਰੇ ਅਤੇ ਮੋਹਿਨੀ ਸਰਕਾਰੀ ਹਾਈ ਸਕੂਲ ਰੱਖੜਾ ਤੀਸਰੇ ਸਥਾਨ ‘ਤੇ ਰਹੀ। ਕਵਿਤਾ ਲਿਖਣ ‘ਚ ਨਿਸ਼ੂ, ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਨੇ ਪਹਿਲਾ, ਅਸ਼ਵਿੰਦਰਪਾਲ ਸਿੰਘ, ਪ੍ਰੀਮਿਅਰ ਪਬਲਿਕ ਸਕੂਲ, ਸਮਾਣਾ ਨੇ ਦੂਸਰਾ ਅਤੇ ਗੁਰਭੇਜ ਸਿੰਘ, ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਵਿਤਾ ਗਾਇਨ ‘ਚ ਕਮਲਜੋਤ ਕੌਰ, ਸਰਕਾਰੀ ਹਾਈ ਸਕੂਲ ਦੌਣ ਕਲਾਂ ਨੇ ਪਹਿਲਾ, ਬੇਅੰਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਨੇ ਦੂਸਰਾ ਅਤੇ ਮੋਨਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਨੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਗਏ।