ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ
ਪਟਿਆਲਾ, 1 ਦਸੰਬਰ:
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਿਸ਼ੇ ਉਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਸਿਖਲਾਈ ਪ੍ਰੋਗਰਾਮ ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ., ਰੌਣੀ ਡਾ. ਵਿਪਨ ਕੁਮਾਰ ਰਾਮਪਾਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿਚ 15 ਸਿੱਖਿਆਰਥੀਆਂ ਨੇ ਹਿੱਸਾ ਲਿਆ।
ਸਿਖਲਾਈ ਕੋਰਸ ਦੌਰਾਨ ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ ਨੇ ਸਰਕਾਰ ਵੱਲੋਂ ਵੱਖ-ਵੱਖ ਚਲਾਈਆਂ ਜਾਣ ਵਾਲੀਆ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੇ ਕੋਰਸ ਕੁਆਰਡੀਨੇਟਰ ਸਹਿਯੋਗੀ ਪ੍ਰੋਫ਼ੈਸਰ (ਭੋਜਨ ਤਕਨਾਲੋਜੀ) ਡਾ. ਰਜਨੀ ਗੋਇਲ ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਪਦਾਰਥ ਬਣਾਉਣ ਬਾਰੇ ਸਿਖਲਾਈ ਦਿੱਤੀ। ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ. ਰਚਨਾ ਸਿੰਗਲਾ ਨੇ ਘਰੇਲੂ ਬਗੀਚੀ ਲਗਾਉਣ ਬਾਰੇ ਜਾਣਕਾਰੀ ਦਿੱਤੀ।
ਕੋਰਸ ਦੌਰਾਨ ਸਿੱਖਿਆਰਥੀਆਂ ਨੇ ਆਪਣੇ ਹੱਥੀ ਵੱਖ-ਵੱਖ ਮੁਰੱਬੇ, ਕੈਂਡੀ ਜੈਮ ਆਦਿ ਤਿਆਰ ਕਰਨ ਦੀ ਵਿਧੀ ਨੂੰ ਜਾਣਿਆ। ਸਹਿਯੋਗੀ ਪ੍ਰੋਫ਼ੈਸਰ (ਗ੍ਰਹਿ ਵਿਗਿਆਨ) ਡਾ. ਗੁਰਉਪਦੇਸ਼ ਕੌਰ ਨੇ ਫਲਾਂ ਅਤੇ ਸਬਜ਼ੀਆਂ ਦੀ ਖੁਰਾਕੀ ਮਹੱਤਤਾ ਉੱਤੇ ਚਾਨਣਾ ਪਾਇਆ। ਸਿੱਖਿਆਰਥੀਆਂ ਨੂੰ ਅਗਾਂਹਵਧੂ ਕਿਸਾਨ ਗੁਰਪ੍ਰੀਤ ਕੌਰ ਪਿੰਡ ਕਲਿਆਣ ਦੀ ਪ੍ਰੋਸੈਸਿੰਗ ਯੂਨਿਟ ਦਾ ਵੀ ਦੌਰਾ ਕਰਵਾਇਆ ਗਿਆ। ਇਸ ਤੋਂ ਇਲਾਵਾ ਅਗਾਂਹਵਧੂ ਫੂਡ ਪ੍ਰੋਸੈੱਸਰ ਕਿਸਾਨ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਵੀ ਕਰਵਾਈ ਗਈ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀਖਰੀਦੀਆਂ। ਅਖੀਰ ਵਿਚ ਡਾ. ਵਿਪਨ ਕੁਮਾਰ ਰਾਮਪਾਲ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਵੀ ਦਿੱਤੀ।