ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਵੱਲ ਕੀਤਾ ਜਾਵੇ ਉਤਸ਼ਾਹਿਤ: ਓਲੰਪੀਅਨ ਸ਼ਕਤੀ ਸਿੰਘ
ਪਟਿਆਲਾ, 30 ਅਗਸਤ:
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਨੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਤੇ ਓਲੰਪੀਅਨ ਤੇ ਅਰਜਨ ਅਵਾਰਡੀ ਸ਼ਕਤੀ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਰਾਸ਼ਟਰੀ ਖੇਡ ਦਿਵਸ ਦੇ ਸ਼ੁਭ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਾਲ ਰਾਸ਼ਟਰੀ ਖੇਡਾਂ ਦਾ ਥੀਮ ਇਕ ਤੰਦਰੁਸਤ ਅਤੇ ਸਿਹਤਮੰਦ ਸਮਾਜ ਲਈ ਖੇਡਾਂ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਮੰਤਵ ਵੱਖ-ਵੱਖ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣਾ ਹੈ।
ਇਸ ਮੌਕੇ ਪਹਿਲੀ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਸਤਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ ਅਤੇ ਇਸ ਨਾਲ ਸਾਡਾ ਰਾਸ਼ਟਰੀ ਮਾਣ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਅੰਦਰ ਆਪਸੀ ਸਦਭਾਵਨਾ, ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਕੋਰ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ ਅਤੇ ਅੱਜ ਇੱਥੇ ਵੱਖ-ਵੱਖ ਖੇਡਾਂ ਜਿਸ ‘ਚ ਬੈਡਮਿੰਟਨ, ਲਾਅਨ ਟੈਨਿਸ, ਫੁੱਟਬਾਲ, ਖੋ-ਖੋ, ਵਾਲੀਬਾਲ, ਕਬੱਡੀ, ਟੌਇੰਗ, ਕ੍ਰਿਕੇਟ, ਹੈਂਡ ਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ ਹਨ ਅਤੇ ਖਿਡਾਰੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਪ੍ਰਦਰਸ਼ਨ ਕੀਤਾ ਗਿਆ।
ਕੌਮੀ ਖੇਡ ਦਿਵਸ ਮੌਕੇ ਸੰਬੋਧਨ ਕਰਦਿਆਂ ਓਲੰਪੀਅਨ ਅਤੇ ਅਰਜਨ ਐਵਾਰਡ ਜੇਤੂ ਸ਼ਕਤੀ ਸਿੰਘ ਨੇ ਕਿਹਾ ਕਿ ਅੱਜ ਭਾਰਤ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਹੁਨਰਮੰਦ ਖਿਡਾਰੀਆਂ ਨੂੰ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਲੜਕੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਪੂਰੇ ਪਰਿਵਾਰ ਦਾ ਥੰਮ੍ਹ ਹੁੰਦੀ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨ। ਇਸ ਮੌਕੇ ਬਟਾਲੀਅਨ ਦੇ ਵੱਖ-ਵੱਖ ਅਧਿਕਾਰੀ ਮੌਜੂਦ ਸਨ।