Punjab-Chandigarh

ਪੰਜਾਬ ਪੁਲਿਸ ਨੇ ਹਫ਼ਤਾ ਭਰ ਵੱਖ ਵੱਖ ਗਤੀਵਿਧੀਆਂ ਕਰਵਾ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਚੰਡੀਗੜ੍ਹ, 7 ਮਾਰਚ:

ਪੰਜਾਬ ਪੁਲਿਸ ਵਲੋਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਮੱਦੇਨਜ਼ਰ `ਸਾਂਝ` ਦੇ ਬੈਨਰ ਹੇਠ ਔਰਤਾਂ ਦੀ ਸਿਹਤ ਅਤੇ ਸਸ਼ਕਤੀਕਰਨ ਸਬੰਧੀ ਸਿੱਖਿਆ `ਤੇ ਕੇਂਦਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਸਾਰੇ ਜਿ਼ਿਲ੍ਹਆਂ ਵਿੱਚ 2 ਮਾਰਚ ਤੋਂ ਸ਼ੁਰੂ ਹੋਏ ਸਮਾਗਮਾਂ ਵਿੱਚ  ਕੈਂਸਰ ਜਾਗਰੂਕਤਾ ਭਾਸ਼ਣਾਂ ਤੋਂ ਇਲਾਵਾ ਔਰਤਾਂ ਲਈ ਸਿਹਤ ਜਾਂਚ ਅਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜੋ ਹਫ਼ਤੇ ਭਰ ਚੱਲਣ ਵਾਲੇ ਸਮਾਗਮਾਂ ਤੋਂ ਬਾਅਦ ਮੰਗਲਵਾਰ ਨੂੰ ਸਮਾਪਤ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਵੀ. ਨੀਰਜਾ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ `ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ 2 ਮਾਰਚ, 2022 ਤੋਂ ਔਰਤਾਂ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਐਸ.ਬੀ.ਐਸ. ਨਗਰ, ਮਲੇਰਕੋਟਲਾ ਅਤੇ ਬਰਨਾਲਾ ਆਦਿ ਜਿ਼ਲ੍ਹਿਆਂ ਵਿੱਚ ਔਰਤਾਂ ਲਈ ਮੈਡੀਕਲ ਕੈਂਪ ਲਗਾਏ ਗਏ ਹਨ, ਜਿਸ ਵਿੱਚ ਸਿਹਤ ਜਾਗਰੂਕਤਾ ਕੈਂਪ, ਪੀੜਤ ਰਾਹਤ ਮੁਆਵਜ਼ਾ ਸਕੀਮ, ਔਰਤਾਂ ਦੇ ਅਧਿਕਾਰਾਂ ਅਤੇ ਕੰਮ ਵਾਲੀ ਥਾਂ `ਤੇ ਜਿਨਸੀ ਸ਼ੋਸ਼ਣ ਵਿਰੁੱਧ ਕਾਨੂੰਨ ਆਦਿ ਬਾਰੇ ਇੰਟਰਐਕਟਿਵ ਸੈਸ਼ਨ ਸ਼ਾਮਲ ਹਨ।

ਏ.ਡੀ.ਜੀ.ਪੀ. ,ਵੀ. ਨੀਰਜਾ ਨੇ ਕਿਹਾ ਕਿ ਸਾਰੇ ਜਿ਼ਲ੍ਹਿਆਂ ਦੇ ਸੀਪੀਜ਼/ਐਸਐਸਪੀਜ਼ ਨੇ ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜਿਕ ਗਤੀਵਿਧੀਆਂ ਦੇ ਤਾਲਮੇਲ ਨਾਲ ਡਾਕਟਰੀ ਜਾਗਰੂਕਤਾ ਕੈਂਪਾਂ ਅਤੇ ਸੈਸ਼ਨਾਂ ਦਾ ਆਯੋਜਨ ਕਰਨ ਤੋਂ ਇਲਾਵਾ ਔਰਤਾਂ ਦੀ ਸਿਹਤ ਜਾਂਚ ਕਰਨ ਲਈ ਆਪੋ-ਆਪਣੇ ਜਿ਼ਲ੍ਹਿਆਂ ਦੇ ਵਧੀਆ ਹਸਪਤਾਲਾਂ ਦੇ ਗਾਇਨੀਕੋਲੋਜਿਸਟਾਂ ਸਮੇਤ ਡਾਕਟਰਾਂ ਨੂੰ ਸੱਦਾ ਦਿੱਤਾ।

ਏ.ਡੀ.ਜੀ.ਪੀ. ਵੀ ਨੀਰਜਾ ਨੇ ਕਿਹਾ ਕਿ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੀ ਜਲਦੀ ਪਛਾਣ ਹੀ ਇਸ ਦੇ ਸਮੇਂ ਰਹਿੰਦਿਆਂ ਇਲਾਜ ਵਿੱਚ ਮਦਦ ਕਰੇਗੀ, ਇਸ ਲਈ ਲੱਛਣਾਂ ਤੋਂ ਜਾਣੂ ਹੋਣਾ ਅਤੇ ਨਿਯਮਤ ਸਿਹਤ ਜਾਂਚ ਕਰਵਾਉਣਾ ਮਹੱਤਵਪੂਰਨ ਹੈ।

ਇਸ ਤੋਂ ਇਲਾਵਾ ਏ.ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ “ਸਸ਼ਕਤੀਕਰਨ ਲਈ ਸਿੱਖਿਆ” ਪ੍ਰੋਗਰਾਮ ਤਹਿਤ ਜਿ਼ਲ੍ਹਾ ਪੁਲਿਸ ਵੱਲੋਂ ਗੈਰ ਸਰਕਾਰੀ ਸੰਗਠਨਾਂ ਅਤੇ ਸਾਂਝ ਮੈਂਬਰਾਂ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥਣਾਂ ਨੂੰ ਵਿੱਦਿਅਕ ਸਮੱਗਰੀ ਵੰਡੀ ਜਾ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਅਤੇ ਐਸ.ਬੀ.ਐਸ.ਨਗਰ ਪੁਲਿਸ ਵੱਲੋਂ ਔਰਤਾਂ ਨਾਲ ਸਬੰਧਤ ਸਿ਼ਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਲਗਾਏ ਹਨ।      

ਇਸੇ ਤਰ੍ਹਾਂ ਮੋਹਾਲੀ ਪੁਲਿਸ ਵੱਲੋਂ “ਵਾਕ ਫਾਰ ਵੂਮੈਨ” ਪ੍ਰੋਗਰਾਮ ਕਰਵਾਇਆ ਗਿਆ ਅਤੇ 250 ਤੋਂ ਵੱਧ ਵਿਅਕਤੀ ਥਾਣਾ ਸੋਹਾਣਾ ਤੋਂ ਐਸ.ਐਸ.ਪੀ ਦਫ਼ਤਰ ਮੋਹਾਲੀ ਤੱਕ 4 ਕਿਲੋਮੀਟਰ ਦੀ ਪੈਦਲ ਯਾਤਰਾ ਵਿੱਚ ਸ਼ਾਮਲ ਹੋਏ।

ਏ.ਡੀ.ਜੀ.ਪੀ. ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੀ ਐਚ.ਓ.ਡੀ ਡਾ. ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ 18 ਡਾਕਟਰਾਂ ਦੀ ਟੀਮ ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਸਿਹਤ ਜਾਂਚ ਦੇ ਨਾਲ-ਨਾਲ ਕੈਂਸਰ ਜਾਗਰੂਕਤਾ ਅਤੇ ਮਹਿਲਾ ਸਿਹਤ ਸੈਮੀਨਾਰ ਕਰਵਾਏ ਗਏ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ 382 ਪੁਲਿਸ ਥਾਣਿਆਂ ਵਿੱਚ `ਵੂਮੈਨ ਹੈਲਪ ਡੈਸਕ` ਸਥਾਪਿਤ ਕੀਤੇ ਗਏ ਹਨ ਤਾਂ ਜੋ ਔਰਤ ਸਿ਼ਕਾਇਤਕਰਤਾਵਾਂ ਨੂੰ ਪੁਲਿਸ ਥਾਣਿਆਂ ਵਿੱਚ ਇੱਕ ਸੁਖਾਵਾਂ ਅਤੇ ਸੁਚੱਜਾ ਮਾਹੌਲ ਪ੍ਰਦਾਨ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਔਰਤਾਂ ਲਈ ਇੱਕ ਵਿਸ਼ੇਸ਼ ਹੈਲਪਲਾਈਨ 181 ਵਿਸ਼ੇਸ਼ ਤੌਰ `ਤੇ ਕੰਮ ਕਰ ਰਹੀ ਹੈ ਜਿੱਥੇ ਔਰਤਾਂ ਆਪਣੀਆਂ ਸਿ਼ਕਾਇਤਾਂ ਦਰਜ ਕਰਾਵ ਸਕਦੀਆਂ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਸਿ਼ਕਾਇਤਾਂ ਦਾ ਨਿਪਟਾਰਾ ਪੰਜਾਬ ਪੁਲਿਸ ਮਹਿਲਾ ਮਿੱਤਰਾਂ (ਮਹਿਲਾ ਪੁਲਿਸ ਅਧਿਕਾਰੀ) ਵੱਲੋਂ ਥਾਣਿਆਂ ਵਿੱਚ ਸਥਾਪਿਤ ਮਹਿਲਾ ਪੁਲਿਸ ਡੈਸਕਾਂ `ਤੇ ਕੀਤਾ ਜਾਂਦਾ ਹੈ।

ਏ.ਡੀ.ਜੀ.ਪੀ., ਵੀ.ਨੀਰਜਾ ਨੇ ਦੱਸਿਆ ਕਿ ਸਾਰੇ ਮਹਿਲਾ ਹੈਲਪ ਡੈਸਕਾਂ ਵੱਲੋਂ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਥਾਣਿਆਂ ਵਿੱਚ 8 ਮਾਰਚ ਤੋਂ `ਔਰਤਾਂ ਵਿਰੁੱਧ ਹਿੰਸਾ ਦੀ ਰਿਪੋਰਟ ਕਰੋ` ਵਿਸ਼ੇ `ਤੇ ਤਿੰਨ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਔਰਤਾਂ ਨੂੰ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਉਹਨਾਂ ਵਿਰੁੱਧ ਕਿਸੇ ਵੀ ਹਿੰਸਾ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨ ਸਬੰਧੀ ਜਾਗਰੂਕ ਕੀਤਾ ਜਾਵ਼ੇਗਾ।

Spread the love

Leave a Reply

Your email address will not be published. Required fields are marked *

Back to top button