Punjab-Chandigarh

8 ਵਿਧਾਨ ਸਭਾ ਹਲਕਿਆਂ ‘ਚ ਚੋਣ ਅਮਲੇ ਦੀ ਪਹਿਲੀ ਰਿਹਰਸਲ ਮੌਕੇ ਕੋਵਿਡ ਵੈਕਸੀਨੇਸ਼ਨ ਵੀ ਲਗਾਈ

ਪਟਿਆਲਾ, 22 ਜਨਵਰੀ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਸਮੁੱਚੇ ਚੋਣ ਅਮਲੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਵੋਟਾਂ ਪੁਆਉਣ ਦਾ ਕਾਰਜ ਨਿਰਵਿਘਨਤਾ ਨਾਲ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਚੋਣ ਅਮਲਾ ਜੇਕਰ ਆਪਣੀ ਡਿਊਟੀ ਪੂਰੀ ਤਰ੍ਹਾਂ ਤਿਆਰੀ ਕਰਕੇ ਪੂਰਨ ਆਤਮ ਵਿਸ਼ਵਾਸ਼ ਨਾਲ ਕਰੇ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਾਂ ਪੁਆਉਣ ਦਾ ਕਾਰਜ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਕੋਵਿਡ ਨਿਯਮਾਂ ਦੀ ਪਾਲਣਾ ਵੀ ਸਖ਼ਤੀ ਨਾਲ ਯਕੀਨੀ ਬਣਾਈ ਜਾਵੇ।
ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਨਾਭਾ, ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ‘ਚ ਵੋਟਾਂ ਪੁਆਉਣ ਲਈ ਤਾਇਨਾਤ ਕੀਤੇ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਦੌਰਾਨ ਜਿੱਥੇ ਚੋਣ ਅਮਲੇ ਨੂੰ ਚੋਣ ਪ੍ਰਕ੍ਰਿਆ ਤੋਂ ਜਾਣੂ ਕਰਵਾਇਆ ਗਿਆ। ਉਥੇ ਹੀ ਜਿਹੜੇ ਮੁਲਾਜਮਾਂ ਨੂੰ ਅਜੇ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਸੀ, ਉਨ੍ਹਾਂ ਨੂੰ ਦੂਜੀ ਡੋਜ਼ ਲਗਾਉਣ ਦੇ ਨਾਲ-ਨਾਲ ਦੂਜੀ ਡੋਜ਼ ਲਗਵਾ ਚੁੱਕੇ ਅਮਲੇ ਨੂੰ ਬੂਸਟਰ ਡੋਜ਼ ਵੀ ਲਗਾਈ ਗਈ। ਇਸ ਤੋਂ ਇਲਾਵਾ ਕੋਵਿਡ ਲੱਛਣਾਂ ਵਾਲੇ ਮੁਲਾਜਮਾਂ ਦਾ ਮੌਕੇ ‘ਤੇ ਹੀ ਕੋਵਿਡ ਟੈਸਟ ਵੀ ਕੀਤਾ ਗਿਆ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅਗਲੀ ਰਿਹਰਸਲ ਆਬਜਰਵਰਾਂ ਦੀ ਸਲਾਹ ਨਾਲ ਕਰਵਾਈ ਜਾਵੇਗੀ ਅਤੇ ਇਸੇ ਮੌਕੇ ਪੋਲਿੰਗ ਪਾਰਟੀਆਂ ਬਣਾ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੂੰ 19 ਫਰਵਰੀ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤਾ ਚੋਣ ਅਮਲਾ ਆਪਣੀ ਡਿਊਟੀ ‘ਚ ਕਿਸੇ ਕਿਸਮ ਦੀ ਕੁਤਾਹੀ, ਅਨੁਸ਼ਾਸਨਹੀਣਤਾ ਤੇ ਢਿੱਲ-ਮੱਠ ਨਾ ਵਰਤੇ।
ਇਸ ਦੌਰਾਨ ਏ.ਡੀ.ਸੀ. ਸ਼ਹਿਰੀ ਵਿਕਾਸ-ਕਮ-ਰਿਟਰਨਿੰਗ ਅਫ਼ਸਰ ਪਟਿਆਲਾ ਦਿਹਾਤੀ ਸ੍ਰੀ ਗੌਤਮ ਜੈਨ ਨੇ ਥਾਪਰ ਯੂਨੀਵਰਸਿਟੀ ‘ਚ ਚੋਣ ਅਮਲੇ ਦੀ ਰਿਹਰਸਲ ਕਰਵਾਈ। ਜਦੋਂਕਿ ਪਟਿਆਲਾ ਸ਼ਹਿਰੀ ਹਲਕੇ ਦੇ ਰਿਟਰਨਿੰਗ ਅਫ਼ਸਰ, ਐਸ.ਡੀ.ਐਮ ਚਰਨਜੀਤ ਸਿੰਘ ਨੇ ਸਰਕਾਰੀ ਬਿਕਰਮ ਕਾਲਜ ਵਿਖੇ ਰਿਹਰਸਲ ਕਰਵਾਈ। ਸਨੌਰ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਜਸਲੀਨ ਕੌਰ ਭੁੱਲਰ ਦੀ ਅਗਵਾਈ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਕਰਵਾਈ ਗਈ।
ਇਸੇ ਤਰ੍ਹਾਂ ਹੀ ਘਨੌਰ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਵਿਖੇ ਅਤੇ ਰਾਜਪੁਰਾ ਹਲਕੇ ਦੀ ਰਿਟਰਨਿੰਗ ਅਫ਼ਸਰ, ਐਸ.ਡੀ.ਐਮ. ਡਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਪਟੇਲ ਕਾਲਜ ਵਿਖੇ ਜਦੋਂਕਿ ਸ਼ੁਤਰਾਣਾ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਨਿਆਲ ਕਿਰਤੀ ਕਾਲਜ ਵਿਖੇ ਐਸ.ਡੀ.ਐਮ ਅੰਕੁਰਜੀਤ ਸਿੰਘ, ਸਮਾਣਾ ਹਲਕੇ ‘ਚ ਐਸ.ਡੀ.ਐਮ. ਟੀ. ਬੈਨਿਥ ਨੇ ਪਬਲਿਕ ਕਾਲਜ ਵਿਖੇ ਅਤੇ ਨਾਭਾ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਰਿਟਰਨਿੰਗ ਅਧਿਕਾਰੀ, ਐਸ.ਡੀ.ਐਮ. ਕੰਨੂ ਗਰਗ ਦੀ ਅਗਵਾਈ ਹੇਠ, ਰਿਪੁਦਮਨ ਕਾਲਜ ਵਿਖੇ ਅਗਵਾਈ ਹੇਠ ਸੰਪੰਨ ਹੋਈ।
ਇਸ ਰਿਹਰਸਲ ਦੌਰਾਨ ਚੋਣ ਅਮਲੇ ‘ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ‘ਚ ਜਾਣੂ ਕਰਵਾਉਣ ਸਮੇਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾ ਦੀ ਪੂਰਨ ਸਿਖਲਾਈ, ਮਤਦਾਨ ਲਈ ਜਰੂਰੀ ਹਦਾਇਤਾਂ, ਵੋਟਾਂ ਲਈ ਜਰੂਰੀ ਸਮਾਨ ਆਦਿ ਸਮੇਤ, ਪ੍ਰੀਜਾਈਡਿੰਗ ਅਧਿਕਾਰੀ, ਸਹਾਇਕ ਪ੍ਰੀਜਾਈਡਿੰਗ ਅਧਿਕਾਰੀ, ਪੋਲਿੰਗ ਅਧਿਕਾਰੀ ਦੀਆਂ ਜਿੰਮੇਵਾਰੀਆਂ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ, 17-ਏ, 17-ਬੀ ਤੇ 17-ਸੀ ਫਾਰਮ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ ਸਬੰਧੀ ਮੁਕੰਮਲ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ ਗਈ।
ਇਸ ਮੌਕੇ ਪ੍ਰੀਜਾਈਡਿੰਗ ਅਧਿਕਾਰੀਆਂ ਨੂੰ ਵੋਟਾਂ ਵਾਲੇ ਦਿਨ ਹਰ ਦੋ-ਦੋ ਘੰਟੇ ਬਾਅਦ ਰਿਪੋਰਟ ਦੇਣ ਸਮੇਤ ਸੈਕਟਰ ਅਫ਼ਸਰਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੁਪਰਵਾਈਜਰਾਂ ਤੇ ਮਾਸਟਰ ਟ੍ਰੇਨਰਾਂ ਸਮੇਤ ਵੱਡੀ ਗਿਣਤੀ ‘ਚ ਚੋਣ ਅਮਲਾ ਮੌਜੂਦ ਸੀ।

Spread the love

Leave a Reply

Your email address will not be published. Required fields are marked *

Back to top button