ਪਟਿਆਲਾ ਸ਼ਹਿਰੀ ਸੀਟ ਤੇ ਹੋਵੇਗਾ ਸਾਨ੍ਹਾਂ ਵਾਲਾ ਭੇੜ

ਬਲਜੀਤ ਸਿੰਘ ਕੰਬੋਜ
ਕਾਂਗਰਸ ਪਾਰਟੀ ਵਲੋਂ ਆਖਿਰ ਪਟਿਆਲਾ ਸ਼ਹਿਰੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਵਿਸ਼ਨੂੰ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਅਖੀਰਲੀ ਲਿਸਟ ਵਿੱਚ ਪੰਜਾਬ ਦੀਆਂ ਹਾਈ ਪ੍ਰੋਫਾਈਲ ਸੀਟਾਂ ਵਿਚੋਂ ਪਟਿਆਲਾ ਸ਼ਹਿਰੀ ਦੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਸ਼ਹਿਰ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਅਮਰਿੰਦਰ ਸਿੰਘ ਵਲੋਂ ਪਟਿਆਲਾ ਸ਼ਹਿਰੀ ਤੋਂ ਚੋਣ ਮੈਦਾਨ ਵਿੱਚ ਆਉਣ ਤੋਂ ਬਾਅਦ ਸ਼ਹਿਰ ਵਿਚ ਕਾਂਗਰਸ ਉਮੀਦਵਾਰ ਨੂੰ ਲੈਕੇ ਕੲੀ ਤਰ੍ਹਾਂ ਦੀਆਂ ਅਟਕਲਾਂ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਪਰੰਤੂ ਅੱਜ ਪਾਰਟੀ ਵਲੋਂ ਜਾਰੀ ਕੀਤੀ ਗਈ ਅਖੀਰਲੀ ਲਿਸਟ ਵਿੱਚ ਪਟਿਆਲਾ ਦੇ ਮੇਅਰ ਰਹਿ ਚੁੱਕੇ ਧੜੱਲੇਦਾਰ ਆਗੂ ਵਿਸ਼ਨੂੰ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਸ਼ਨੂੰ ਸ਼ਰਮਾ ਜਿਹੜੇ ਕਿ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਕਾਂਗਰਸ ਵਿੱਚ ਲੈਕੇ ਆਏ ਸਨ। ਵਿਸ਼ਨੂੰ ਸ਼ਰਮਾ ਨੂੰ ਪਾਰਟੀ ਵਲੋਂ ਟਿਕਟ ਦੇਣ ਕਰਕੇ ਇਸ ਸੀਟ ਤੇ ਬੇਹੱਦ ਰੋਚਕ ਸਥਿਤੀ ਬਣ ਗਈ ਹੈ। ਕਿਉਂਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਗਠਜੋੜ ਦੇ ਨਾਲ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਵਲੋਂ ਖੁਦ ਉਮੀਦਵਾਰ ਹਨ। ਅਤੇ ਦੂਸਰੇ ਪਾਸੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਸਪੁੱਤਰ ਅਜੀਤਪਾਲ ਸਿੰਘ ਕੋਹਲੀ ਇਕ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਸਨ। ਹੁਣ ਜਦੋਂਕਿ ਸ਼ਹਿਰ ਦੇ ਮੇਅਰ ਰਹਿ ਚੁੱਕੇ ਸ੍ਰੀ ਵਿਸ਼ਨੂੰ ਸ਼ਰਮਾ ਨੂੰ ਕਾਂਗਰਸ ਵਲੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਹਰਪਾਲ ਜੁਨੇਜਾ ਵੀ ਇੱਥੋਂ ਹੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿੱਚ ਹਨ। । ਤਾਂ ਪਟਿਆਲਾ ਸ਼ਹਿਰੀ ਸੀਟ ਤੋਂ ਬੇਹੱਦ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ