ਲਾਅ ਯੂਨੀਵਰਸਿਟੀ ਵਿਖੇ ਐਨ.ਆਈ.ਏ ਲਾਅ ਅਫ਼ਸਰਾਂ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵਿਸ਼ੇ ‘ਤੇ ਹੋਈ ਦੋ ਦਿਨਾ ਟ੍ਰੇਨਿੰਗ
ਪਟਿਆਲਾ, 9 ਅਗਸਤ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਐਵੀਡੈਂਸਿੰਗ ਵਿਸ਼ੇ ‘ਤੇ ਐਨ.ਆਈ.ਏ. ਲਾਅ ਅਫ਼ਸਰਾਂ ਦਾ ਦੋ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਦੇ ਲਾਅ ਅਫ਼ਸਰਾਂ ਨੂੰ ‘ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਐਵੀਡੈਂਸਿੰਗ’ ਨਾਲ ਜਾਣੂ ਕਰਵਾਉਣਾ ਸੀ।
ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜੀ.ਐਸ. ਬਾਜਪਾਈ ਨੇ ਉਦਘਾਟਨੀ ਸੈਸ਼ਨ ਦੌਰਾਨ ਸਾਈਬਰ-ਅਪਰਾਧ ਦੀ ਜਾਂਚ ਅਤੇ ਸਬੂਤਾਂ ਬਾਰੇ ਵਿਚਾਰ ਸਾਂਝੇ ਕੀਤੇ। ਐਡਵੋਕੇਟ ਡਾ. ਪਵਨ ਦੁੱਗਲ ਨੇ ਸਾਈਬਰ ਕਾਨੂੰਨਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਦੀਆਂ ਬਾਰੀਕੀਆਂ ਸਬੰਧੀ ਲਾਅ ਅਫ਼ਸਰਾਂ ਨੂੰ ਜਾਣਕਾਰੀ ਦਿੱਤੀ।
ਤਕਨੀਕੀ ਸੈਸ਼ਨ ਦੌਰਾਨ ਸਹਾਇਕ ਪ੍ਰੋਫੈਸਰ ਡਾ. ਜਗਦੀਪ ਸਿੰਘ ਨੇ ਡਿਜੀਟਲ ਫੋਰੈਂਸਿਕ ਸਬੰਧੀ ਵਿਚਾਰ ਦਿੰਦਿਆਂ ਕੰਪਿਊਟਰ ਨੈੱਟਵਰਕਿੰਗ ਸਮੇਤ ਆਈ.ਪੀ. ਤੇ ਮੈਕ ਐਡਰੈੱਸ, ਡੋਮੇਨ ਨੇਮ, ਐਚ.ਟੀ.ਟੀ.ਪੀ., ਐਫ.ਟੀ.ਪੀ., ਗੇਟਵੇਜ਼, ਰਾਊਟਰ ਸਬੰਧੀ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕੀਤੀ। ਐਸੋਸੀਏਟ ਪ੍ਰੋਫੈਸਰ ਡਾ. ਇਵਨੀਤ ਵਾਲੀਆ ਨੇ ਡਿਜੀਟਲ ਸੰਸਾਰ ਦੀਆਂ ਚੁਣੌਤੀਆਂ ‘ਤੇ ਗੱਲ ਕਰਦਿਆਂ ਸਾਈਬਰ ਅਪਰਾਧੀਆਂ ਅਤੇ ਪੀੜਤਾਂ ਦੀ ਮਨੋਵਿਗਿਆਨਕ ਦਸ਼ਾ ‘ਤੇ ਚਰਚਾ ਕੀਤੀ। ਸਹਾਇਕ ਨਿਰਦੇਸ਼ਕ ਤੇ ਡਿਜੀਟਲ ਫੋਰੈਂਸਿਕ ਸੀ.ਐਫ.ਐਸ.ਐਲ ਦੇ ਮੁਖੀ ਨੇਟੋ ਸਿੰਘ ਨੇ ਵਰਚੁਅਲ ਨੰਬਰਾਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਐਪ ‘ਤੇ ਦੋਸ਼ੀ/ਸ਼ੱਕੀ ਦੀ ਪਹਿਚਾਣ ਸਬੰਧੀ ਬਾਰੇ ਦੱਸਿਆ।
ਐਡਵੋਕੇਟ ਨਿਸ਼ੀਥ ਦੀਕਸ਼ਿਤ ਨੇ ਭਾਰਤ ਵਿੱਚ ਸਾਈਬਰ ਕਾਨੂੰਨਾਂ ਅਤੇ ਸਾਈਬਰ-ਅਪਰਾਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫਾਊਂਡੇਸ਼ਨ ਫਿਊਚਰਿਸਟਿਕ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਸਮੀਰ ਦੱਤ ਨੇ ਸੀ.ਡੀ.ਆਰ/ਆਈ.ਪੀ.ਡੀ.ਆਰ ਅਤੇ ਟਾਵਰ ਡੰਪਾਂ ਸਬੰਧੀ ਲਾਅ ਅਫ਼ਸਰਾਂ ਦੇ ਸ਼ੰਕੇ ਦੂਰ ਕੀਤੇ। ਉਨ੍ਹਾਂ ਖੁਫੀਆ ਜਾਣਕਾਰੀ ਅਤੇ ਸਬੂਤ ਇਕੱਠੇ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਵਾਇਸ ਇੰਟਰਨੈਟ ਪ੍ਰੋਟੋਕੋਲ ਉੱਤੇ ਕੇਸਾਂ ਦੀ ਜਾਂਚ ‘ਤੇ ਧਿਆਨ ਕੇਂਦਰਿਤ ਕੀਤਾ।
ਦੋ ਦਿਨਾਂ ਪ੍ਰੋਗਰਾਮ ‘ਚ 24 ਪ੍ਰਤੀਯੋਗੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. (ਡਾ.) ਆਨੰਦ ਪਵਾਰ, ਪ੍ਰੋ. (ਡਾ.) ਰਾਕੇਸ਼ ਮੋਹਨ ਸ਼ਰਮਾ, ਡਾ: ਇਵਨੀਤ ਵਾਲੀਆ, ਸਿਧਾਰਥ ਦਹੀਆ, ਅੰਕਿਤ ਕੌਸ਼ਿਕ ਵੱਲੋਂ ਕੀਤਾ ਗਿਆ।