800 ਰੁੱਖ ਤੇ 21 ਲੱਖ ਦੀ ਸਾਲਾਨਾ ਬੱਚਤ ਨਾਲ ਮਾਨ ਸਰਕਾਰ ਨੇ ਬਜ਼ਟ ਕੀਤਾ ਪੇਸ਼, ਤਜਿੰਦਰ ਮਹਿਤਾ
Ajay Verma (The Mirror Time)
Patiala
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਲੋਕ ਰਾਏ ਅਤੇ ਲੋਕ ਹਿੱਤਾਂ ਨਾਲ ਸਾਲ 2022-23 ਦਾ ਪਹਿਲਾ ਬਜਟ ਪੇਸ਼ ਕੀਤਾ। ਜਿਸ ਕਾਰਨ ਲੋਕਾਂ ਅਤੇ ਨੌਜਵਾਨਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿੱਥੇ ਇਹ ਬਜਟ ਸਿੱਖਿਆ, ਮੈਡੀਕਲ, ਵਿਦਿਆਰਥੀ ਵਜ਼ੀਫ਼ਾ, ਰਾਖਵਾਂਕਰਨ ਅਤੇ ਅਨਪੜ੍ਹ ਵਰਗਾਂ ਦੇ ਭਲੇ ਲਈ ਹੈ, ਉੱਥੇ ਹੀ 36 ਹਜ਼ਾਰ ਠੇਕੇ `ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਨਾਲ ਮੁਲਾਜ਼ਮ ਵੀ ਕਾਫੀ ਖੁਸ਼ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ‘ਆਪ’ ਦੇ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕੀਤਾ।
ਤੇਜਿੰਦਰ ਮਹਿਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਕਦੇ ਵੀ ਸਿੱਖਿਆ, ਮੈਡੀਕਲ ਖੇਤਰ ਅਤੇ ਖੇਤੀਬਾੜੀ ਲਈ ਇੰਨੀਆਂ ਵੱਡੀਆਂ ਗ੍ਰਾਂਟਾਂ ਬਜਟ ਵਿੱਚ ਨਹੀਂ ਰੱਖੀਆਂ ਗਈਆਂ ਸਨ ਅਤੇ ਕਿਵੇਂ ਰੱਖੀਆਂ ਜਾ ਸਕਦੀਆਂ ਸਨ, ਕਿਉਂਕਿ ਇਹ ਸ਼ਹਿਜ਼ਾਦੇ ਹਮੇਸ਼ਾ ਹੀ ਜਨਤਾ ਦੇ ਪੈਸੇ `ਤੇ ਆਪਣੀਆਂ ਰੋਟੀਆਂ ਸੇਕਦੇ ਆਏ ਹਨ। ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਜਿਹਾ ਕੁਝ ਨਹੀਂ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਸਰਦਾਰਾਂ ਤੋਂ ਜਨਤਾ ਦਾ ਪੈਸਾ ਵਸੂਲ ਕੇ ਲੋਕਾਂ ਦੇ ਹਵਾਲੇ ਕਰਨ ਦੇ ਹੱਕ ਵਿੱਚ ਹੈ। ਜਿਸ ਦੀ ਪਹਿਲਕਦਮੀ ਵਿਧਾਇਕਾਂ ਦੀ ਪੈਨਸ਼ਨ ਤੋਂ ਸ਼ੁਰੂ ਹੋ ਕੇ ਸ਼ਹਿਰ `ਚ ਵਿਕਾਸ ਦੇ ਨਾਂ `ਤੇ ਟੈਂਡਰਾਂ `ਚ ਹੋਏ ਵੱਡੇ ਘਪਲੇ `ਤੇ ਖਤਮ ਹੋਵੇਗੀ। ਮਹਿਤਾ ਨੇ ਦੱਸਿਆ ਕਿ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ `ਆਪ` ਸਰਕਾਰ ਵੱਲੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ `ਤੇ ਲੋਕਾਂ ਤੋਂ ਪ੍ਰਾਪਤ ਸੂਚਨਾਵਾਂ ਨੂੰ ਪਹਿਲ ਦਿੰਦਿਆਂ ਉਸ ਦੇ ਆਧਾਰ `ਤੇ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਲੋੜਵੰਦਾਂ ਨੂੰ ਰਾਸ਼ਨ ਕਾਰਡ `ਤੇ ਉਪਲਬਧ ਰਾਸ਼ਨ ਵਿੱਚ ਪੈਕ ਕਰਕੇ ਉਨ੍ਹਾਂ ਦੇ ਘਰਾਂ ਤੱਕ ਆਟਾ ਅਤੇ ਹੋਰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਜਿਸ ਕਾਰਨ ਇਨ੍ਹਾਂ ਲੋਕਾਂ ਦੀਆਂ ਜੇਬਾਂ `ਤੇ ਵਿੱਤੀ ਅਸਰ ਘੱਟ ਹੋਵੇਗਾ। ਇਸ ਤੋਂ ਇਲਾਵਾ ਬਜਟ ਵਿੱਚ ਜਿੱਥੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ `ਤੇ ਜ਼ੋਰ ਦਿੰਦੇ ਹੋਏ ਪੰਜਾਬ ਦੀਆਂ ਚੋਣਵੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਨਵੀਂਆਂ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਗੱਲ ਕੀਤੀ ਗਈ ਹੈ, ਉੱਥੇ 8ਵੀਂ ਜਮਾਤ ਤੱਕ ਸਿੱਖਿਆ ਨਾਲ ਜੁੜੇ ਹਰ ਵਰਗ ਦੇ ਲੜਕੇ-ਲੜਕੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਨੂੰ ਪੂਰਾ ਕਰਦਿਆਂ ਸਕੂਲਾਂ ਵਿੱਚ ਸਮਾਰਟ ਕਲਾਸਾਂ ਲਈ ਗਰਾਂਟਾਂ ਵੀ ਇਸ ਬਜਟ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਮਹਿਤਾ ਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਬਜਟ ਲੋਕਾਂ ਦਾ ਆਪਣਾ ਬਜਟ ਹੈ।