ਨਿਆਲ ਕਾਲਜ ਤੇ ਮਦਰ ਇੰਡੀਆ ਕਾਲਜ ਦੇ ਵਿਦਿਆਰਥੀਆਂ ਨੂੰ ਸਵੀਪ ਮੁਹਿੰਮ ਤਹਿਤ ਕੀਤਾ ਵੋਟ ਪਾਉਣ ਲਈ ਜਾਗਰੂਕ

ਪਾਤੜਾਂ 23 ਦਸੰਬਰ:
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ‘ਚ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਵੋਟਰ ਜਾਗਰੂਕਤਾ ਲਈ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਤਹਿਤ ਹਲਕਾ ਸ਼ੁਤਰਾਣਾ ‘ਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਤਹਿਸੀਲਦਾਰ ਪਾਤੜਾਂ ਸੁਰਿੰਦਰ ਸਿੰਘ ਤੇ ਉਕਤ ਹਲਕੇ ਦੇ ਸਵੀਪ ਨੋਡਲ ਅਫ਼ਸਰ ਰਾਹੁਲ (ਸੀਡੀਪੀਓ) ਦੀ ਦੇਖ-ਰੇਖ ‘ਚ ਨਿਆਲ ਕਾਲਜ ਪਾਤੜਾਂ ਤੇ ਮਦਰ ਇੰਡੀਆ ਕਾਲਜ ਪਾਤੜਾਂ ਵਿਖੇ ਸਮਾਗਮ ਕਰਵਾਏ ਗਏ। ਜਿਸ ਦੌਰਾਨ ਮਦਰ ਇੰਡੀਆ ਕਾਲਜ ਦੇ ਚੇਅਰਮੈਨ ਰਾਕੇਸ਼ ਕੁਮਾਰ ਤੇ ਨਿਆਲ ਕਾਲਜ ਦੇ ਸਵੀਪ ਇੰਚਾਰਜ ਪ੍ਰੋ. ਗੁਰਜੀਤ ਸਿੰਘ ਮਾਹੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਆਪਣੇ ਕਾਲਜਾਂ ਦੀਆਂ ਸਵੀਪ ਸਰਗਰਮੀਆਂ ਬਾਰੇ ਜਾਣੂ ਕਰਵਾਇਆ।
ਇਨ੍ਹਾਂ ਸਮਾਗਮਾਂ ਦੌਰਾਨ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦਾ ਸਫਲ ਮੰਚਨ ਕੀਤਾ ਗਿਆ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ‘ਤੇ ਅਧਾਰਤ ਨਾਟਕ ਮੰਡਲ ‘ਚ ਸ਼ਾਮਲ ਤਨੂਜਾ, ਕਿਰਨ, ਸ਼ਰਨਦੀਪ ਚੀਮਾ, ਜੈਸਮੀਨ ਕੌਰ ਚਲੈਲਾ ਤੇ ਰਿੱਕੀ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਮੱਤਦਾਨ ‘ਚ ਹਿੱਸਾ ਲੈਣ ਅਤੇ ਸਮਝਦਾਰੀ ਨਾਲ ਆਪਣੀ ਵੋਟ ਦੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ ਅਤੇ ਚੋਣਾਂ ਨੂੰ ਸਾਫ-ਸੁਥਰੇ ਤਰੀਕੇ ਨਾਲ ਨੇਪਰੇ ਚਾੜ੍ਹਨ ‘ਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਆਪਣੇ ਸੰਬੋਧਨ ‘ਚ ਤਹਿਸੀਲਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ੁਤਰਾਣਾ ਹਲਕੇ ‘ਚ ਹਰ ਵਰਗ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਵੱਖ-ਵੱਖ ਜਨਤਕ ਤੇ ਵਿਦਿਅਕ ਸੰਸਥਾਵਾਂ ‘ਚ ਸਮਾਗਮ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ‘ਚ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਆਪਣੀ ਵੋਟ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਾਈਕਲ ਰੈਲੀਆਂ, ਨੁੱਕੜਾਂ ਨਾਟਕਾਂ, ਚਿੱਤਰਕਾਰੀ ਤੇ ਹੋਰਨਾਂ ਸਾਧਨਾਂ ਰਾਹੀ ਵੋਟਰਾਂ ਨੂੰ ਐਥੀਕਲ ਵੋਟਿੰਗ, ਸੀ-ਵੀਜ਼ੂਲ ਐਪ, ਵੋਟਰ ਹੈਲਪ ਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਵੱਖ-ਵੱਖ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਕੁਝ ਐਪਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਸਾਈਕਲਿਸਟ ਜਗਵਿੰਦਰ ਸਿੰਘ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾ. ਸੁਖਦਰਸ਼ਨ ਸਿੰਘ ਚਹਿਲ, ਪ੍ਰੋ. ਗੁਰਜੀਤ ਸਿੰਘ ਮਾਹੀ, ਸੀਡੀਪੀਓ ਰਾਹੁਲ, ਸਹਾਇਕ ਨੋਡਲ ਅਫ਼ਸਰ ਜਗਤਾਰ ਸਿੰਘ, ਚੇਅਰਮੈਨ ਰਾਕੇਸ਼ ਗਰਗ ਮਦਰ ਇੰਡੀਆ ਤੇ ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ। ਹਰ ਥਾਂ ਸੈਂਕੜੇ ਵਿਦਿਆਰਥੀਆਂ ਨੇ ਸਮਾਗਮਾਂ ‘ਚ ਸ਼ਿਰਕਤ ਕੀਤੀ।