ਪੈਨਸ਼ਨ ਤੇ ਬਕਾਇਆਂ ਦੀ ਅਦਾਇਗੀ ਨੂੰ ਲੈ ਕੇ ਜਾਗਿਆ ਪੈਨਸ਼ਨਰਾਂ *ਚ ਰੋਹ

ਪਟਿਆਲਾ : ਪੈਨਸ਼ਨ ਅਤੇ ਬਕਾਇਆਂ ਦੀ ਅਦਾਇਗੀ ਨੂੰ ਲੈ ਕੇ ਅੱਜ ਇੱਥੇ ਪੁਰਾਣੇ ਬਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਭਰਵੀਂ ਮਾਸਿਕ ਮੀਟਿੰਗ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਿਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅਜੇ ਤੱਕ ਜੂਨ ਮਹੀਨੇ ਦੀ ਪੈਨਸ਼ਨ ਨਾ ਪਾਏ ਜਾਣ ਕਾਰਨ ਅਤੇ ਰਹਿੰਦੇ ਬਕਾਇਆਂ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ ਤੇ ਪੇ ਕਮਿਸ਼ਨ ਦੇ ਬਕਾਏ ਆਦਿ ਨੂੰ ਲੈ ਕੇ ਵੱਖ—ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਐਮ.ਡੀ. ਪੀ.ਆਰ.ਟੀ.ਸੀ. ਨਾਲ ਫੋਨ ਤੇ ਹੋਈ ਗੱਲ ਦਾ ਜਿਕਰ ਕਰਦਿਆਂ ਦੱਸਿਆ ਕਿ ਐਮ.ਡੀ. ਸਾਹਿਬ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਪੈਨਸ਼ਨ ਜਲਦੀ ਹੀ ਪਾਈ ਜਾ ਰਹੀ ਹੈ ਅਤੇ ਅੱਗੋਂ ਲਈ ਹਰ ਮਹੀਨੇ ਦੀ ਦਸ ਤਰੀਕ ਤੋਂ ਪਹਿਲਾਂ—ਪਹਿਲਾਂ ਪੈਨਸ਼ਨ ਪੈ ਜਾਇਆ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਐਮ.ਡੀ. ਸਾਹਿਬ ਨੇ ਕਿਹਾ ਕਿ ਅਗਲੇ ਹਫਤੇ ਮੈਂ ਫੋਨ ਕਰਕੇ ਆਪ ਤੁਹਾਨੂੰ ਮੀਟਿੰਗ ਲਈ ਸੱਦਾਂਗਾ। ਜਿਸ ਵਿੱਚ ਬਕਾਇਆਂ ਬਾਰੇ ਗੱਲਬਾਤ ਹੋਵੇਗੀ ਅਤੇ ਜਲਦੀ ਹੀ ਬਕਾਇਆਂ ਦੀ ਅਦਾਇਗੀ ਵੀ ਕਰ ਦਿੱਤੀ ਜਾਵੇਗੀ।
ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਹਰ ਮਹੀਨੇ ਸਮੇਂ ਸਿਰ ਪੈਨਸ਼ਨ ਪਾਉਣੀ ਮੈਨੇਜਮੈਂਟ ਦੀ ਡਿਊਟੀ ਹੈ ਅਤੇ ਇਹ ਸਾਡਾ ਹੱਕ ਹੈ, ਪੈਨਸ਼ਨ ਲੈਣ ਲਈ ਸਾਨੂੰ ਹਰ ਮਹੀਨੇ ਮੈਨੇਜਮੈਂਟ ਦਾ ਦਰ ਕਿਉਂ ਖੜਕਾਉਣਾ ਪੈਂਦਾ ਹੈ। ਜਦ ਕਿ ਇਹ ਮੈਨੇਜਮੈਂਟ ਦੀ ਜਿੰਮੇਵਾਰੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਪੈਨਸ਼ਨ ਬਿਨਾਂ ਕਹੇ ਹਰ ਮਹੀਨੇ ਦੀ ਦਸ ਤਰੀਕ ਤੋਂ ਪਹਿਲਾਂ—ਪਹਿਲਾਂ ਪੈਣੀ ਚਾਹੀਦੀ ਹੈ। ਇਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਹਨ, ਉਨ੍ਹਾਂ ਨੇ ਰਹਿੰਦੇ ਬਕਾਇਆਂ ਦੀ ਵੀ ਜਲਦੀ ਅਦਾਇਗੀ ਕਰਨ ਦੀ ਮੰਗ ਕੀਤੀ। ਐਮ.ਡੀ. ਸਾਹਿਬ ਵੱਲੋਂ ਦਵਾਏ ਭਰੋਸੇ ਉੱਤੇ ਸਾਰੇ ਡਿਪੂਆਂ ਦੇ ਬੁਲਾਰਿਆਂ ਵਲੋਂ ਸਹਿਮਤੀ ਪ੍ਰਗਟ ਕਰਦਿਆਂ ਅੱਜ ਹੋਣ ਵਾਲਾ ਸਖਤ ਐਕਸ਼ਨ ਟਾਲ ਦਿੱਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਗੁਰਮੀਤ ਸਿੰਘ ਕਪੂਰਥਲਾ, ਜਲੌਰ ਸਿੰਘ ਫਰੀਦਕੋਟ, ਸੁਖਜੀਤ ਸਿੰਘ ਬਠਿੰਡਾ, ਗਿਆਨ ਚੰਦ ਬੁਢਲਾਡਾ, ਮਦਨ ਮੋਹਨ ਬਰਨਾਲਾ, ਬਲਵੰਤ ਸਿੰਘ ਜ਼ੋਗਾ ਤੇ ਉਪਕਾਰ ਸਿੰਘ ਸੰਗਰੂਰ, ਜੋਗਿੰਦਰ ਸਿੰਘ ਤੇ ਸ਼ਿਵ ਕੁਮਾਰ ਪਟਿਆਲਾ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਅਮੋਲਕ ਸਿੰਘ ਕੈਸ਼ੀਅਰ ਕੇਂਦਰੀ ਬਾਡੀ, ਬਖਸ਼ੀਸ਼ ਸਿੰਘ ਦਫ਼ਤਰ ਸਕੱਤਰ, ਬੀਰ ਸਿੰਘ, ਸੰਤ ਰਾਮ, ਬਲਵੰਤ ਸਿੰਘ ਕੈਸ਼ੀਅਰ, ਗੁਰਚਰਨ ਸਿੰਘ, ਜਸਪਾਲ ਸਿੰਘ, ਸੂਰਜ ਭਾਨ ਸੀ.ਆਈ., ਰਮੇਸ਼ਵਰ ਦਿਆਲ, ਰਾਮ ਦਿੱਤਾ ਤੇ ਤਿਲਕ ਰਾਜ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।