ਵਰਲਡ ਯੂਨੀਵਰਸਿਟੀ ਵਿਚ “ਪੁਆਧੀ ਬੋਲੜੀ ਦੀ ਵਰਤਮਾਨ ਹਾਲਤ” ਉਤੇ ਸੈਮੀਨਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ “ਪੁਆਧੀ ਬੋਲੜੀ ਦੀ ਵਰਤਮਾਨ ਹਾਲਤ” ਉਤੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿਚ ਪ੍ਰਮੁੱਖ ਬੁਲਾਰੇ ਵਜੋਂ ਪੰਜਾਬੀ ਸਾਹਿਤਕਾਰ ਡਾ. ਮਨਮੋਹਨ ਸਿੰਘ ਦਾਊਂ ਨੇ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਸਿੱਖਿਆ ਦੇ ਖੇਤਰ ਵਿਚ ਮਾਂ ਬੋਲੀ ਦੀ ਮਹੱਤਤਾ ਤੇ ਲੋੜ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਪੰਜਾਬੀ ਦੀ ਭਾਸ਼ਾ ਦੀ ਮੌਜੂਦਾ ਸਥਿਤੀ ਉਤੇ ਚਰਚਾ ਕਰਦਿਆਂ ਪੰਜਾਬ ਵਿਚ ਇਸ ਦੀ ਨਿੱਘਰੀ ਅਵਸਥਾ ਤੇ ਵਿਦੇਸ਼ਾਂ ਵਿਚ ਵਧ ਰਹੇ ਮਾਨ ਤੋਂ ਜਾਣੂ ਕਰਵਾਇਆ।
ਡਾ. ਮਨਮੋਹਨ ਸਿੰਘ ਦਾਊਂ ਨੇ ਖੇਤਰੀ ਬੋਲੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਆਪਣੀ ਬੋਲੀ ਤੇ ਬੋਲੜੀਆਂ ਨੂੰ ਬਣਦਾ ਸਥਾਨ ਨਹੀਂ ਦਿਤਾ ਹੈ। ਉਹਨਾਂ ਨੇ ਪੁਆਧ ਖੇਤਰ ਦੇ ਸਾਹਿਤਕਾਰਾਂ ਅਤੇ ਪੁਆਧੀ ਨਾਲ ਸਬੰਧਤ ਸਾਹਿਤਕ ਤੇ ਅਕਾਦਮਿਕ ਕਾਰਜਾਂ ਤੋਂ ਜਾਣੂ ਕਰਵਾਇਆ।
ਡੀਨ ਅਕਾਦਮਿਕ ਮਾਮਲੇ ਡਾ. ਸ.ਸ. ਬਿਲਿੰਗ ਨੇ ਪਹੁੰਚੇ ਵਿਦਵਾਨ ਵਕਤਾ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਪੁਆਧੀ ਬੋਲੜੀ ਦੇ ਸਬੰਧ ਵਿਚ ਖੋਜ-ਕਾਰਜ ਕਰਨ ਦੀ ਵਿਭਾਗ ਨੂੰ ਪ੍ਰੇਰਨਾ ਵੀ ਦਿੱਤੀ।
ਵਿਭਾਗ ਮੁਖੀ ਡਾ. ਸਿਕੰਦਰ ਸਿੰਘ ਨੇ ਪਹੁੰਚੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿਸ਼ੇ ਤੋਂ ਜਾਣੂ ਕਰਵਾਇਆ। ਉਹਨਾਂ ਨੇ ਮਾਂ ਬੋਲੀ ਦਿਹਾੜੇ ਦੇ ਇਤਿਹਾਸ ਅਤੇ ਉਪਭਾਸ਼ਾ ਲਈ ਵਰਤੇ ਜਾਂਦੇ ਸ਼ਬਦ ਬੋਲੜੀ ਬਾਰੇ ਗੱਲਬਾਤ ਕੀਤੀ।