Punjab-Chandigarh

ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ‘ਚ ਵਿਖਾਈ ਆਪਣੀ ਤਾਕ਼ਤ

 ਬਲਜੀਤ ਸਿੰਘ ਕੰਬੋਜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਿਆਸੀ ਤਾਕਤ ਦਾ ਵੱਡਾ ਪ੍ਰਦਰਸ਼ਨ
ਕਰਦਿਆਂ ਇਹ ਸਾਬਤ ਕਰ ਦਿੱਤਾ ਕਿ ਪਟਿਆਲਾ ਵਾਸੀਆਂ ਨਾਲ ਉਹਨਾਂ ਦਾ ਕਿੰਨਾ ਪਿਆਰ ਹੈ ਅਤੇ ਲੋਕ ਉਹਨਾਂ ਨੂੰ ਕਿਸ ਕਦਰ ਸਤਿਕਾਰ ਦਿੰਦੇ ਹਨ।
ਉਹਨਾਂ ਆਪਣੀ ਨਵੀਂ ਨਵੇਲੀ ਪਾਰਟੀ ਪੰਜਾਬ ਲੋਕ ਕਾਂਗਰਸ, ਸੰਯੁਕਤ ਅਕਾਲੀ ਦਲ ਅਤੇ ਸਹਿਯੋਗੀ ਭਾਰਤੀ ਜਨਤਾ ਪਾਰਟੀ ਗਠਜੋੜ ਵਲੋਂ ਸ਼ਹਿਰ ਦੇ ਰਾਘੋਮਾਜਰਾ ਇਲਾਕੇ ਦੇ ਰਾਮਲੀਲਾ ਗਰਾਉਂਡ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੇ ਵਿਰੋਧੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਪਟਿਆਲੇ ਦੇ ਲੋਕ ਉਹਨਾਂ ਨੂੰ ਅੱਜ ਵੀ ਉਤਨਾ ਹੀ ਮਾਣ ਦਿੰਦੇ ਹਨ ਜਿੰਨਾਂ ਕਿ ਹੁਣ ਤੋਂ ਪਹਿਲਾਂ ਕੲੀ ਦਹਾਕਿਆਂ ਤੋਂ ਦਿੰਦੇ ਆ ਰਹੇ ਸਨ। ਇਸ ਮੌਕੇ ਪਹਿਲੀ ਵਿਸ਼ਾਲ ਵਰਕਰ ਮੀਟਿੰਗ ਵਿੱਚ ਉਹਨਾਂ ਦੇ ਨਾਲ ਸ਼ਹਿਰ ਦੇ ਮੇਅਰ ਅਤੇ ਪੀਐਲਸੀ ਵਲੋਂ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ, ਕੇਕੇ ਮਲਹੋਤਰਾ, ਬੀਜੇਪੀ ਆਗੂ ਹਰਿੰਦਰ ਕੋਹਲੀ ਨੇ ਸੰਬੋਧਨ ਕੀਤਾ। ਵਰਕਰ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਹਾਜ਼ਰ ਸਨ।


  ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਨਾਲ ਗਠਜੋੜ ਬਾਰੇ ਖੁਲਾਸੇ  ਕਰਦਿਆਂ ਕਿਹਾ ਕਿ ਜਦੋਂ ਕਾਂਗਰਸ ਹਾਈਕਮਾਨ ਵਲੋਂ ਮੈਨੂੰ ਮੁੱਖ ਮੰਤਰੀ ਅਹੁਦੇ ਤੋਂ ਵੱਖ ਕੀਤਾ ਗਿਆ ਤਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖੁਦ ਫੋਨ ਕਰਕੇ ਮੈਥੋਂ ਪੁਛਿਆ ਕਿ ਜੇ ਤੁਸੀਂ ਚਾਹੋ ਤਾਂ ਸਾਡੇ ਨਾਲ ਆ ਸਕਦੇ ਹੋ। ਉਹਨਾਂ ਖੁਦ ਹੀ ਮੈਨੂੰ ਬੁਲਾਇਆ ਜਿਸ ਕਰਕੇ ਮੈਂ ਉਹਨਾਂ ਨਾਲ ਮਿਲਕੇ ਚੱਲਣ ਦਾ ਫੈਸਲਾ ਕੀਤਾ। ਅਤੇ ਇਸੇ ਦੀ ਬਦੌਲਤ ਅੱਜ ਪੂਰੇ ਪੰਜਾਬ ਵਿੱਚ ਸਾਡੇ ਝੰਡੇ ਝੂਲ ਰਹੇ ਹਨ।
ਇਸ ਮੌਕੇ ਉਹਨਾਂ ਪ੍ਰਧਾਨਮੰਤਰੀ ਮੋਦੀ ਨਾਲ ਪੁਰਾਣੇ ਸਬੰਧਾਂ ਦਾ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਅਤੇ ਦੱਸਿਆ ਕਿ ਨਰਿੰਦਰ ਮੋਦੀ ਜਦੋਂ ਆਰ ਐੱਸ ਐੱਸ ਦੇ ਪੰਜਾਬ ਪ੍ਰਭਾਰੀ ਸਨ ਤਾਂ ਉਸ ਸਮੇੰ ਵੀ ਉਹਨਾਂ ਦੇ ਮੇਰੇ ਨਾਲ ਅੱਛੇ ਸਬੰਧ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਮੈਂ 2002 ਤੋਂ 2007 ਵਿੱਚ ਪੰਜਾਬ ਦਾ ਮੁੱਖ ਮੰਤਰੀ ਸੀ ਅਤੇ ਉਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਦੌਰਾਨ ਵੀ ਸਾਡੇ ਆਪਸੀ ਸਬੰਧ ਬਹੁਤ ਵਧੀਆ ਰਹੇ।
ਇਸ ਮੌਕੇ ਉਹਨਾਂ ਆਪਣੇ ਸਟੈਂਡ ਨੂੰ ਮੁੜ ਦੁਹਰਾਇਆ ਅਤੇ ਕਿਹਾ ਕਿ ਕੇਂਦਰ ਦੀ ਮਦਦ ਤੋਂ ਬਗੈਰ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜੀਐਸਡੀਪੀ ਦੇ ਅੰਕੜਿਆਂ ਦਾ ਵਿਸਤਾਰ ਪੂਰਵਕ ਜਿਕਰ ਕਰਦਿਆਂ ਕਿਹਾ ਕਿ ਭਾਵੇਂ ਕਿ ਸਾਢੇ ਚਾਰ ਸਾਲ ਮੈਂ ਵੀ ਸਰਕਾਰ ਚਲਾਈ ਹੈ ਪਰ ਮੌਜੂਦਾ ਮੁੱਖ ਮੰਤਰੀ ਚੰਨੀ ਨੇ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਇਸਨੇ 33 ਹਜ਼ਾਰ ਕਰੋੜ ਰੁਪਏ ਕਿੱਥੇ ਰੋੜ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਕੋਲ ਮੁਲਾਜ਼ਮਾਂ ਨੂੰ  ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹਨ।
ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਨਾ ਤਾਂ ਮੈਂ ਕੋਈ ਪੰਡਤ ਤੇ ਨਾ ਹੀ ਕੋਈ ਜੋਤਸ਼ੀ ਹਾਂ ਪਰ ਕੇਂਦਰ ਵਿਚ ਅਗਲੀ ਸਰਕਾਰ ਵੀ ਨਰਿੰਦਰ ਮੋਦੀ ਦੀ ਹੀ ਬਣੇਗੀ ਕਿਉਂਕਿ ਅੱਜ ਇਹ ਪੂਰੇ ਦੇਸ਼ ਦੀ ਆਵਾਜ਼ ਹੈ। ਉਹਨਾਂ ਇਹਨਾਂ ਚੋਣਾਂ ਵਿੱਚ ਪੰਜਾਂ ਸੂਬਿਆਂ ਵਿੱਚ ਭਾਜਪਾ ਗਠਜੋੜ ਦੀ ਜਿੱਤ ਲਈ ਅਰਦਾਸ ਵੀ ਕੀਤੀ।
ਇਸ ਮੌਕੇ ਉਹਨਾਂ ਪਟਿਆਲਾ ਲੲੀ ਕੀਤੇ  ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੇਰੀ ਸਰਕਾਰ ਨੇ ਪਟਿਆਲਾ ਲੲੀ, ਨਵੇਂ ਬਸ ਸਟੈਂਡ ਸਮੇਤ 62 ਪ੍ਰੋਜੈਕਟ ਪਾਸ ਕੀਤੇ ਜਿਨ੍ਹਾਂ ਤੇ ਤੇਜ਼ੀ ਨਾਲ ਕੰਮ ਚੱਲ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਧੀਆ ਭਵਿੱਖ ਲਈ ਲੋਕ ਸਾਡੇ ਗਠਜੋੜ ਦੀ ਸਰਕਾਰ ਬਣਾਉਗੇ।

Spread the love

Leave a Reply

Your email address will not be published. Required fields are marked *

Back to top button