Punjab-ChandigarhTop News

ਰੋਪੜ ਰੇਂਜ ਪੁਲਿਸ ਨੇ ਮੁਹਾਲੀ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ

ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੂਪਨਗਰ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਮੋਹਾਲੀ ਦੀਆਂ ਤਿੰਨ ਸੁਸਾਇਟੀਆਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਕੀਤੀ

ਪੁਲਿਸ ਟੀਮਾਂ ਨੇ 18 ਗ੍ਰਾਮ ਅਫੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਸਮੇਤ 20 ਸ਼ੱਕੀ ਵਿਅਕਤੀਆਂ ਨੂੰ ਫੜਿਆ 

ਚੰਡੀਗੜ੍ਹ/ਮੋਹਾਲੀ, 9 ਜੂਨ:

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਰੋਪੜ ਰੇਂਜ ਪੁਲਿਸ ਨੇ ਅੱਜ ਮੋਹਾਲੀ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ।

ਇਸ ਮੁਹਿੰਮ ਦੀ ਅਗਵਾਈ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਅਤੇ ਇਸ ਨੂੰ ਤਿੰਨ ਜ਼ਿਲ੍ਹਿਆਂ ਦੇ ਪੁਲਿਸ ਬਲਾਂ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਗਿਆ ਜਿਸ ਵਿੱਚ ਮੁਹਾਲੀ ਪੁਲਿਸ ਦੀ ਅਗਵਾਈ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਅਗਵਾਈ ਐਸ.ਐਸ.ਪੀ. ਰਵਜੋਤ ਗਰੇਵਾਲ ਅਤੇ ਰੂਪਨਗਰ ਪੁਲਿਸ ਦੀ ਅਗਵਾਈ ਐਸ.ਐਸ.ਪੀ. ਸੰਦੀਪ ਗਰਗ ਵੱਲੋਂ ਕੀਤੀ ਗਈ। 

ਪੁਲੀਸ ਟੀਮਾਂ ਨੇ ਮੁਹਾਲੀ ਦੀਆਂ ਤਿੰਨ ਸੁਸਾਇਟੀਆਂ ਮੁਹਾਲੀ ਈਡਨ ਕੋਰਟ, ਜਲ ਵਾਯੂ ਵਿਹਾਰ ਅਤੇ ਹੋਮਲੈਂਡ ਵਿੱਚ ਕਾਰਵਾਈ ਕਰਕੇ ਘੱਟੋ-ਘੱਟ 20 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਫੜਿਆ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ 10 ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ ਅਤੇ 18 ਗ੍ਰਾਮ ਅਫੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ (ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ) ਬਰਾਮਦ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਕਿਰਾਏਦਾਰ ਬਿਨਾਂ ਤਸਦੀਕ ਕੀਤੇ ਉਥੇ ਰਹਿ ਰਹੇ ਹਨ ਅਤੇ ਕਈਆਂ ਨੇ ਤਾਂ ਫਲੈਟਾਂ ਨੂੰ ਕਿਰਾਏ ‘ਤੇ ਲੈ ਕੇ ਅੱਗੇ ਕਿਰਾਏ ‘ਤੇ ਦਿੱਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਹਰੇਕ ਸੁਸਾਇਟੀ ਦੀ ਐਸ.ਐਸ.ਪੀ. ਦੀ ਅਗਵਾਈ ਹੇਠ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਤਿੰਨ ਸੁਸਾਇਟੀਆਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ।

ਡੀਆਈਜੀ ਨੇ ਕਿਹਾ ਕਿ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀਜ਼ ਨੇ ਵੀ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਦੱਸਣਯੋਗ ਹੈ ਕਿ ਪੁਲਿਸ ਟੀਮਾਂ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਕਦੀ ਬਾਰੇ ਹੋਰ ਜਾਂਚ ਕਰਨ ਲਈ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Spread the love

Leave a Reply

Your email address will not be published. Required fields are marked *

Back to top button