Punjab-Chandigarh

ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੁਹਾਲੀ ਵਿਖੇ ਕੀਤਾ ਗਿਆ ਆਯੋਜਿਤ

ਐਸ.ਏ.ਐਸ. ਨਗਰ/ ਚੰਡੀਗੜ੍ਹ 26 ਜਨਵਰੀ:ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼ -6 ਮੋਹਾਲੀ  ਵਿਖੇ ਕਰਵਾਏ ਗਏ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਸ੍ਰੀ ਬਨਵਾਰੀਲਾਲ ਪੁਰੋਹਿਤ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ.  ਚੰਡੀਗੜ੍ਹ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਾਗਰਿਕਾਂ ਨੂੰ ਸੰਵਿਧਾਨ ਦੇ ਮੂਲ ਤੱਤਾਂ ਦੀ ਪ੍ਰਤੱਖ ਰੂਪ ਵਿੱਚ ਪਾਲਣਾ ਕਰਨ ਦੀ ਸਹੁੰ ਚੁੱਕਣ ਦਾ ਸੱਦਾ ਦਿੱਤਾ।  ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨਕ ਕਦਰਾਂ ਕੀਮਤਾਂ ‘ਤੇ ਚੱਲ ਕੇ ਹੀ ਤਰੱਕੀ ਕਰ ਸਕਦਾ ਹੈ।  ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।  ਅਣਗਿਣਤ ਵਾਰ ਪੰਜਾਬ ਨੂੰ ਹਮਲਾਵਰਾਂ ਨੇ ਠੇਸ ਪਹੁੰਚਾਈ ਪਰ ਹਰ ਵਾਰ ਪੰਜਾਬ ਦੇ ਬਹਾਦਰ ਪੁੱਤਰਾਂ ਨੇ ਦੇਸ਼ ਦੀ ਰੱਖਿਆ ਕੀਤੀ।  ਇਸੇ ਲਈ ਪੂਰਾ ਦੇਸ਼ ਪੰਜਾਬ ਦਾ ਲੋਹਾ ਮੰਨਦਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ।  ਇਹ ਲਾਲਾ ਲਾਜਪਤ ਰਾਏ, ਸਰਦਾਰ ਭਗਤ ਸਿੰਘ ਅਤੇ ਸੁਖਦੇਵ ਵਰਗੇ ਸੂਰਬੀਰਾਂ ਦੀ ਧਰਤੀ ਹੈ।  ਇਸ ਲਈ ਸੰਵਿਧਾਨ ਪ੍ਰਤੀ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿਉਂਕਿ ਸਾਡੀ ਕੋਈ ਵੀ ਕਾਰਵਾਈ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਅਪਮਾਨ ਨਾ ਕਰੇ। ਰਾਜਪਾਲ ਨੇ ਕਿਹਾ ਕਿ ਦੇਸ਼ ਇਸ ਸਮੇਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।  ਆਧੁਨਿਕ ਭਾਰਤ ਦਾ ਜੋ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ, ਉਸ ਨੂੰ ਪੂਰਾ ਕਰਨ ਲਈ ਸਾਨੂੰ ਨਵੀਂ ਊਰਜਾ ਨਾਲ ਲਾਮਬੰਦ ਹੋਣਾ ਪਵੇਗਾ।  ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਆਇਆ ਇਹ ਗਣਤੰਤਰ ਦਿਵਸ ਸਾਡੇ ਲਈ ਨਵੇਂ ਸੰਕਲਪਾਂ ਦਾ ਮੌਕਾ ਲੈ ਕੇ ਆਇਆ ਹੈ। ਸ਼੍ਰੀ ਪੁਰੋਹਿਤ ਨੇ ਕਿਹਾ ਕਿ 2047 ‘ਚ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਤਦ ਇਹ ਕਿਸ ਉਚਾਈ ‘ਤੇ ਹੋਵੇਗਾ, ਇਹ ਸਾਡੀ ਅੱਜ ਦੀ ਮਿਹਨਤ ਅਤੇ ਸਾਡੇ ਅੱਜ ਦੇ ਫੈਸਲੇ ਤੈਅ ਕਰਨਗੇ।  ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਕੀਤੇ ਜਾ ਰਹੇ ਯਤਨਾਂ ਦੇ ਵਿਚਕਾਰ, ਅੱਜ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ 2047 ਦੇ ਭਾਰਤ ਲਈ ਨਵੇਂ ਸੰਕਲਪਾਂ ‘ਤੇ ਕੰਮ ਕਰਨਾ ਸ਼ੁਰੂ ਕਰੀਏ।  ਉਨ੍ਹਾਂ ਕਿਹਾ ਕਿ 2047 ਦੀ ਭਾਰਤ ਦੀ ਸ਼ਾਨਦਾਰ ਇਮਾਰਤ ਉਸ ਨੀਂਹ ‘ਤੇ ਖੜ੍ਹੀ ਹੋਵੇਗੀ ਜਿਸ ਦੀ ਅਸੀਂ ਅੱਜ ਉਸਾਰੀ ਕਰਾਂਗੇ। ਰਾਜਪਾਲ ਨੇ ਸੂਬੇ ਵਿੱਚ ਆਜ਼ਾਦੀ ਦਾ ‘ਅੰਮ੍ਰਿਤ ਮਹਾਂ ਉਤਸਵ’ ਮਨਾਉਣ ਲਈ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀਆਂ, ਸਕੂਲ-ਕਾਲਜਾਂ ਅਤੇ ਕਲਾ ਜਗਤ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਾਨੂੰ ‘ਵਿਰਾਸਤ ਵੀ’ ‘ਵਿਕਾਸ ਭੀ’ ਦਾ ਮੰਤਰ ਅਪਣਾ ਕੇ ਪ੍ਰਗਤੀ ਦੇ ਰਾਹ ਤੇ ਤੁਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਵੀਕਾਰ ਕਰਨਾ ਹੋਵੇਗਾ ਕਿ ਅੱਜ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ।  ਸਾਡੇ ਕਲਿਆਣਕਾਰੀ ਰਾਜ ਪ੍ਰਬੰਧ ਨੂੰ ਚਲਾਉਣ ਵਿੱਚ ਬਹੁਤ ਮੁਸ਼ਕਿਲਾਂ ਹਨ।  ਦੇਸ਼ ਦੀਆਂ ਸਰਹੱਦਾਂ ‘ਤੇ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ।  ਇਸ ਲਈ ਸਾਨੂੰ ਮਿਲ ਕੇ ਹਰ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ। ਸ਼੍ਰੀ ਪੁਰੋਹਿਤ ਨੇ ਚੰਗੇ ਸਮਾਜ ਦੀ ਉਸਾਰੀ ਲਈ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਰਹਿਣ ਦੀ ਸਿੱਖਿਆ ਦਿੱਤੀ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਰਹਿਣ ਲਈ ਕਿਹਾ। ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰਦਿਆਂ ਪਿਛਲੇ ਦੋ ਸਾਲਾਂ ਵਿੱਚ ਬਹਾਦਰੀ ਅਤੇ ਸਫਲਤਾਪੂਰਵਕ ਪ੍ਰਦਰਸ਼ਨ ਲਈ ਰਾਜ ਅਤੇ ਦੇਸ਼ ਵਾਸੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਸੀਂ ਇਸ ਬਿਮਾਰੀ ਨਾਲ ਲੜੇ, ਆਰਥਿਕ ਚੁਣੌਤੀਆਂ ਦਾ ਸਾਹਮਣਾ ਕੀਤਾ, ਸਾਡੇ ਕਿਸਾਨਾਂ, ਮਜ਼ਦੂਰਾਂ, ਉਦਯੋਗਿਕ ਕਾਮਿਆਂ ‘ਤੇ ਮੁਸ਼ਕਿਲਾਂ ਦਾ ਪਹਾੜ ਟੁਟਿਆਂ ਪਰ ਕਿਸੇ ਨੇ ਵੀ ਹਿੰਮਤ ਨਹੀਂ ਹਾਰੀ,  ਇਹ ਸਾਡੀ ਵਿਸ਼ੇਸ਼ਤਾ ਹੈ।  ਉਨ੍ਹਾਂ ਕੋਵਿਡ ਟੀਕਾਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਜ਼ਰੂਰ ਕਰਵਾਉਣ।  ਉਨ੍ਹਾਂ ਕਿਹਾ ਕਿ ਇਹ ਕੋਵਿਡ ਦੀ ਲੜਾਈ ਵਿੱਚ ਸਾਡਾ ਸ਼ਸਤਰ ਸਾਬਤ ਹੋਵੇਗਾ।  ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡਾ ਕੌਮੀ ਫਰਜ਼ ਹੈ ਅਤੇ ਸਾਨੂੰ ਇਸ ਪ੍ਰਤੀ ਸੁਚੇਤ ਰਹਿਣਾ ਪਵੇਗਾ।
ਇਸ ਤੋਂ ਪਹਿਲਾਂ ਰਾਜਪਾਲ ਨੇ ਏ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਅਤੇ ਸਹਾਇਕ ਪਰੇਡ ਕਮਾਂਡਰ ਡੀ.ਐਸ.ਪੀ. ਮੇਜਰ ਸੁਮੇਰ ਸਿੰਘ ਦੀ ਅਗਵਾਈ ਹੇਠ 3 ਟੁਕੜੀਆਂ ਪੰਜਾਬ ਪੁਲਿਸ (ਪੀਆਰਟੀਸੀ ਜਹਾਨਖੇਲਾਂ),2 ਟੁਕੜੀਆਂ ਜ਼ਿਲ੍ਹਾ ਪੁਲਿਸ ਐਸ.ਏ.ਐਸ. ਨਗਰ, 1 ਟੁਕੜੀ  ਯੂ.ਟੀ. (ਚੰਡੀਗੜ੍ਹ) ਪੁਲਿਸ, 1 ਟੁਕੜੀ ਉਤਰਾਖੰਡ ਪੁਲਿਸ, 1 ਟੁਕੜੀ ਗਾਰਡੀਅਨ ਆਫ ਗਵਰਨੈਂਸ (ਖੁਸ਼ਹਾਲੀ ਦੇ ਰਾਖੇ) ਸਾਬਕਾ ਫੌਜੀ,1 ਟੁਕੜੀ ਐਨ.ਸੀ.ਸੀ ਆਰਮੀ ਵਿੰਗ (ਸਰਕਾਰੀ ਕਾਲਜ਼ ਮੁਹਾਲੀ), 2 ਟੁਕੜੀਆਂ ਪੀ.ਏ.ਪੀ ਜਲੰਧਰ ਬਰਾਂਸ ਬੈਂਡ ਅਤੇ ਪੀ.ਏ.ਪੀ ਜਲੰਧਰ ਪਾਈਪ ਬੈਂਡ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਤੋਂ ਇਲਾਵਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਬੱਚਿਆ ਵੱਲੋ ਰਾਸ਼ਟਰੀ ਗਾਣ ਗਾਇਆ ਗਿਆ।  ਇਸ ਮੌਕੇ ਸਮੂਹ ਪਰੇਡ ਕਮਾਂਡਰਾਂ ਅਤੇ ਕਰੋਨਾ ਮਹਾਂਮਾਰੀ ਦੌਰਾਨ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੀਆਂ ਅਫਸਰ ਸਾਹਿਬਾਨ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਅੱਜ ਦੇ ਸਮਾਗਮ ਵਿੱਚ ਮੁੱਖ ਤੌਰ ਤੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਡੀਜੀਪੀ ਪੰਜਾਬ ਸ੍ਰੀ ਵੀਰੇਸ਼ ਕੁਮਾਰ ਭਾਵਰਾ,  ਡਵੀਜ਼ਨਲ ਕਮਿਸ਼ਨਰ ਰੂਪਨਗਰ ਸ. ਮਨਵੇਸ਼ ਸਿੰਘ ਸਿੱਧੂ, ਆਈ.ਜ਼ੀ. ਸ੍ਰੀ ਏ.ਕੇ. ਮਿੱਤਲ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ, ਜੂਡੀਸ਼ਰੀ ਅਤੇ ਫੌਜ ਦੇ ਸੀਨੀਅਰ ਅਫਸਰ ਸਾਹਿਬਾਨ ਅਤੇ ਹੋਰ ਪਤਵੰਤਿਆਂ ਉਚੇਚੇ ਤੌਰ ਤੇ ਸ਼ਾਮਿਲ ਸਨ।

Spread the love

Leave a Reply

Your email address will not be published. Required fields are marked *

Back to top button