Punjab-ChandigarhTop News

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ

ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ। ਯੂਨੀਵਰਸਿਟੀ ਦੀ ਵਿੱਤੀ ਸਮੱਸਿਆ ਤੋਂ ਲੈ ਕੇ ਬਿਹਤਰ ਅਕਾਦਮਿਕ ਮਾਹੌਲ ਦੀ ਸਿਰਜਣਾ ਨਾਲ ਜੁੜੇ ਵੱਖ-ਵੱਖ ਪਹਿਲੂ ਇਸ ਮੀਟਿੰਗ ਵਿੱਚ ਵਿਚਾਰੇ ਗਏ। ਪਿਛਲੇ ਕੁਝ ਸਮੇਂ ਦੌਰਾਨ ਯੂਨੀਵਰਸਿਟੀ ਦੀ ਬਿਹਤਰੀ ਲਈ ਉਠਾਏ ਗਏ ਕਦਮਾਂ ਬਾਰੇ ਵੀ ਚਰਚਾ ਕੀਤੀ ਗਈ। ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਯੂਨੀਵਰਸਿਟੀ ਵਿੱਚ ਉਠਾਏ ਜਾ ਰਹੇ ਇਨ੍ਹਾਂ ਵੱਖ-ਵੱਖ ਕਦਮਾਂ ਸੰਬੰਧੀ ਤਸੱਲੀ ਪ੍ਰਗਟਾਈ ਗਈ।

ਜ਼ਿਕਰਯੋਗ ਹੈ ਕਿ ਹਾਲ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਬਜਟ ਵਿੱਚ ਯੂਨੀਵਰਸਿਟੀ ਦੀ 200 ਕਰੋੜ ਰੁਪਏ ਦੀ ਸਾਲਾਨਾ ਗਰਾਂਟ ਦੇ ਬਜਟ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਇਲਾਵਾ ਯੂਨੀਵਰਸਿਟੀ ਦੇ ਸਮੁੱਚੇ ਕਰਜ਼ੇ ਦੇ ਨਿਪਟਾਰੇ ਲਈ ਵੱਖਰੇ ਤੌਰ ਉੱਤੇ ਵਿਚਾਰ ਕੀਤੇ ਜਾਣ ਦਾ ਐਲਾਨ ਕੀਤਾ ਸੀ। ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਵੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਕਰਜ਼ੇ ਦੀ ਅਦਾਇਗੀ ਸੰਬੰਧੀ ਜਲਦੀ ਵਿਚਾਰ ਕੀਤੇ ਜਾਣ ਬਾਰੇ ਕਿਹਾ।

ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਸਾਰੇ ਸੰਕੇਤ-ਬੋਰਡਾਂ ਉੱਪਰ ਪੰਜਾਬੀ ਭਾਸ਼ਾ ਵਿੱਚ ਸੂਚਨਾਵਾਂ ਲਿਖੇ ਜਾਣ ਨੂੰ ਯਕੀਨੀ ਬਣਾਏ ਜਾਣ ਸੰਬੰਧੀ ਲਿਖਿਆ ਗਿਆ ਸੀ। 

ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਅਮਲੀ ਰੂਪ ਦੇਣ ਸੰਬੰਧੀ ਲੋੜੀਂਦੇ ਕਦਮ, ਲੋੜੀਂਦੀ ਜਾਗਰੂਕਤਾ ਅਤੇ ਇਸ ਦਿਸ਼ਾ ਵਿੱਚ ਆਉਣ ਵਾਲੀਆਂ ਸੰਭਾਵੀ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ।

ਗੁਰਮੀਤ ਸਿੰਘ ਮੀਤ ਹੇਅਰ ਉੱਚ ਸਿੱਖਿਆ ਦੇ ਨਾਲ-ਨਾਲ ਭਾਸ਼ਾ, ਖੇਡਾਂ ਅਤੇ ਯੂਵਕ ਸੇਵਾਵਾਂ ਦੇ ਵੀ ਮੰਤਰੀ ਹਨ। ਉਨ੍ਹਾਂ ਨੇ ਵਾਤਾਵਰਣ ਨਾਲ ਜੁੜੇ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਵਿੱਚ ‘ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ’ ਸਥਾਪਿਤ ਕਰਨ ਦਾ ਉਚੇਚਾ ਜ਼ਿਕਰ ਕੀਤਾ। ਮੀਤ ਹੇਅਰ ਨੇ ਇਸ ਗੱਲ ਵਿੱਚ ਇਸ ਪੱਖ ਵਿੱਚ ਦਿਲਚਸਪੀ ਦਿਖਾਈ ਅਤੇ ਚਿੰਤਾ ਜ਼ਾਹਿਰ ਕੀਤੀ ਕਿ ਪੰਜਾਬ ਦਾ ਆਪਣਾ ਵਿਲੱਖਣ ਪੌਣ-ਪਾਣੀ ਹੈ ਜਿਸ ਨੂੰ ਹੁਣ ਢਾਅ ਲੱਗ ਰਹੀ ਹੈ। ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਹ ਕੇਂਦਰ ਜਿੱਥੇ ਪੰਜਾਬ ਦੇ ਮੁਕਾਮੀ ਪ੍ਰਸੰਗ ਵਿੱਚ ਵੱਖ-ਵੱਖ ਪਹਿਲੂਆਂ ਤੋਂ ਗਤੀਵਿਧੀਆਂ ਕਰ ਰਿਹਾ ਹੈ ਉੱਥੇ ਹੀ ਆਲਮੀ ਜਲਵਾਯੂ ਤਬਦੀਲੀਆਂ ਅਤੇ ਚੁਣੌਤੀਆਂ ਬਾਬਤ ਵੱਖ-ਵੱਖ ਕਾਰਜ ਕਰ ਰਿਹਾ ਹੈ। ਉੱਚ ਸਿੱਖਿਆ ਮੰਤਰੀ ਨੇ ਉਚੇਚੇ ਤੌਰ ਉੱਤੇ ਇਸ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ।

ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਮਹਿਕਮੇ ਖੇਡਾਂ ਦੇ ਖੇਤਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਖੇਡਾਂ ਵਿੱਚ ਯੋਗਦਾਨ ਦੀ ਪ੍ਰਸ਼ੰਸ਼ਾ ਕੀਤੀ ਅਤੇ ਆਪਣੀ ਪੁਰਾਣੀ ਸਾਂਝ ਦੀ ਯਾਦ ਸਾਂਝੀ ਕੀਤੀ। ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਿਤ ਕੀਤੇ ਜਾਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਯੂਨੀਵਰਸਿਟੀਆਂ ਵੱਲੋਂ ਇਸ ਵਿੱਚ ਨਿਭਾਈ ਜਾਣ ਲਈ ਭੂਮਿਕਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੀ ਆਪਸ ਵਿੱਚ ਸਾਂਝ ਸਿਰਜੇ ਜਾਣ ਦੀਆਂ ਵੱਖ-ਵੱਖ ਸੰਭਾਵਨਾਵਾਂ ਉੱਤੇ ਚਰਚਾ ਵਿੱਚ ਉਪਰੋਕਤ ਤਮਾਮ ਨੁਕਤੇ ਵਿਚਾਰੇ ਗਏ। ਉੱਚ ਸਿੱਖਿਆ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਸਮਰੱਥਾ ਅਤੇ ਸੇਧ ਵਿੱਚ ਭਰੋਸਾ ਜਤਾਇਆ ਅਤੇ ਨਵੀਂਆਂ ਪਹਿਲਕਦਮੀਆਂ ਦੀ ਗੁੰਜ਼ਾਇਸ਼ ਫਰੋਲਣ ਦੀ ਗੱਲ ਉੱਤੇ ਜ਼ੋਰ ਦਿੱਤਾ।

ਇਸ ਸਮੁੱਚੀ ਗੱਲਬਾਤ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਮਸਲਿਆਂ ਵਿੱਚ ਹਰ ਸੰਭਵ ਹਮਾਇਤ ਕੀਤੇ ਜਾਣ ਬਾਰੇ ਭਰੋਸਾ ਦਿਵਾਇਆ ਗਿਆ। ਅੰਤ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਇੱਕ ਸੈੱਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਭੇਂਟ ਕੀਤਾ ਗਿਆ। ਇਸ ਮੀਟਿੰਗ ਤੋਂ ਬਾਅਦ ਪ੍ਰੋ. ਅਰਵਿੰਦ ਨੇ ਕਿਹਾ, “ਉੱਚ ਸਿੱਖਿਆ ਅਤੇ ਖੇਡ ਮੰਤਰੀ ਦਾ ਪੰਜਾਬੀ ਯੂਨੀਵਰਸਿਟੀ ਵਿੱਚ ਯਕੀਨ ਇਹ ਆਸ ਜਗਾਉਂਦਾ ਹੈ ਕਿ ਇਹ ਅਦਾਰਾ ਤਰੱਕੀ ਦੇ ਰਾਹਾਂ ਉੱਤੇ ਅੱਗੇ ਵਧਣ ਵਾਲਾ ਹੈ ਅਤੇ ਇਸ ਦੇ ਮੁਸ਼ਕਲ ਭਰੇ ਦਿਨ ਖ਼ਤਮ ਹੋਣ ਵਾਲੇ ਹਨ।”

ਡਾਇਰੈਕਟਰ, ਲੋਕ ਸੰਪਰਕ

Spread the love

Leave a Reply

Your email address will not be published. Required fields are marked *

Back to top button