Punjab-Chandigarh

ਪਟਿਆਲਾ ਦੀਆਂ ਦੋਵੇਂ ਸੀਟਾਂ ਕੈਪਟਨ ਨੂੰ ਦਿੱਤੇ ਜਾਣ ਤੋਂ ਭਾਜਪਾ ਆਗੂਆਂ ਚ ਰੋਸ ਫੈਲਿਆ

ਜ਼ਾਦ ਉਮੀਦਵਾਰ ਉਤਾਰਨ ਲਈ ਵਰਕਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਕੀਤਾ ਜਾ ਰਿਹਾ ਲਾਮਬੰਦ

ਪਟਿਆਲਾ –ਬਲਜੀਤ ਸਿੰਘ ਕੰਬੋਜ
ਪਟਿਆਲਾ ਦੀਆਂ ਦੋਵੇਂ ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਦਿੱਤੇ ਜਾਣ ਦਾ ਐਲਾਨ ਹੋਣ ਸਾਰ ਹੀ ਭਾਜਪਾ ਆਗੂਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਸਥਾਨਕ ਸ਼ਹਿਰ ਨਾਲ ਸਬੰਧਤ ਪਾਰਟੀ ਆਗੂਆਂ ਨੇ ਵਿਰੋਧ ਵਿੱਚ ਸੋਸ਼ਲ ਮੀਡੀਆ ਤੇ ਵੱਡੀ ਮੁਹਿੰਮ ਛੇੜ ਦਿੱਤੀ ਹੈ।
ਇੱਥੇ ਹੀ ਬਸ ਨਹੀਂ ਪਟਿਆਲਾ ਦੀਆਂ ਦੋਵੇਂ ਸੀਟਾਂ ਸ਼ਹਿਰੀ ਤੇ ਦਿਹਾਤੀ ਤੋਂ ਭਾਜਪਾ ਆਗੂਆਂ ਵਲੋਂ ਆਜ਼ਾਦ ਉਮੀਦਵਾਰ ਉਤਾਰੇ ਜਾਣ ਲਈ ਵੀ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੋ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਪਾਰਟੀ ਦੇ ਇਸ ਫੈਸਲੇ ਦੇ ਵਿਰੋਧ ਅਤੇ ਨਾਰਾਜ਼ਗੀ ਨੂੰ ਦਰਸਾ ਰਹੀਆਂ ਇਹਨਾਂ ਪੋਸਟਾਂ ਦੀ ਸ਼ਹਿਰ ਵਿੱਚ ਪੂਰੀ ਚਰਚਾ ਹੈ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਲੲੀ ਵੱਡੇ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।
ਕੲੀ ਕੲੀ ਵਰ੍ਹਿਆਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਇਹ ਭਾਜਪਾ ਆਗੂ ਇਸ ਗੱਲ ਤੋਂ ਖ਼ਫ਼ਾ ਹਨ ਕਿ ਪਾਰਟੀ ਦੀ ਸਲਾਮਤੀ ਲਈ ਕੁਰਬਾਨੀਆਂ ਦੇਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਇਸ ਤਰ੍ਹਾਂ  ਦਰਕਿਨਾਰ ਤੇ ਅਣਗੌਲਿਆਂ ਕਰਕੇ ਬਿਨਾਂ ਕੋਈ ਰਾਇ ਜਾਣੇ ਪਾਰਟੀ ਵਲੋਂ ਪਟਿਆਲਾ ਦੀਆਂ ਇਹ ਦੋਵੇਂ ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣ ਕਰਕੇ ਸਾਡੇ ਹਿਰਦਿਆਂ ਨੂੰ ਸੱਟ ਵੱਜੀ ਹੈ।ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਅਮਰਪ੍ਰੀਤ ਬਿਲਟੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਹਰੀਸ਼ ਕੁਮਾਰ ਸਮੇਤ ਕਈ ਪਾਰਟੀ ਆਗੂਆਂ ਵਲੋਂ ਸੋਸ਼ਲ ਮੀਡੀਆ ਤੇ ਵੱਡੀ ਮੁਹਿੰਮ ਛੇੜ ਦਿੱਤੀ ਗਈ ਹੈ। ਅਤੇ ਸ਼ਹਿਰ ਦੀਆਂ ਇਹਨਾਂ  ਦੋਵੇਂ ਸੀਟਾਂ ਤੋਂ ਆਜ਼ਾਦ ਉਮੀਦਵਾਰ ਉਤਾਰੇ ਜਾਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਉਂਕਿ ਅੱਜ ਦੇ ਸਮੇਂ ਸੋਸ਼ਲ ਮੀਡੀਆ ਬਹੁਤ ਹੀ ਵੱਡਾ ਮਹੱਤਵ ਰਖਦਾ ਹੈ ਇਸ ਕਰਕੇ ਭਾਜਪਾ ਹਲਕਿਆਂ ਵਿੱਚ ਛਿੜੀ ਇਸ ਰੋਸ ਭਰਪੂਰ ਮੁਹਿੰਮ ਦੀ ਸ਼ਹਿਰ ਵਿੱਚ ਪੂਰੀ ਚਰਚਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਾਹਮਣੇ ਆਈ ਭਾਜਪਾ ਵਰਕਰਾਂ ਦੀ ਇਹ ਨਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਦੀਆਂ ਰਾਹਾਂ ਵਿੱਚ ਕੰਡੇ ਖਿਲਾਰਨ ਦਾ ਕੰਮ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਦੇ ਚਲਦਿਆਂ ਪਟਿਆਲਾ ਦੀਆਂ ਦੋਵੇਂ ਸੀਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀਆਂ ਗਈਆਂ ਹਨ। ਪਟਿਆਲਾ ਸ਼ਹਿਰੀ ਤੋਂ  ਖ਼ੁਦ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਦਿਹਾਤੀ ਤੋਂ ਉਹਨਾਂ ਦੇ ਖਾਸਮਖਾਸ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਉਮੀਦਵਾਰ ਹਨ। ਜਿਸ ਕਰਕੇ ਰੋਸ ਨਾਲ ਭਰੇ ਇਕ ਭਾਜਪਾ ਆਗੂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਭਾਜਪਾ ਵਰਕਰਾਂ ਤੇ ਆਗੂਆਂ ਵਿੱਚ ਫੈਲਿਆ ਇਹ ਰੋਸ ਕੀ ਰੁਖ਼ ਅਖ਼ਤਿਆਰ ਕਰਦਾ ਹੈ ਇਸ ਦਾ ਅੰਦਾਜ਼ਾ ਇਕ ਦੋ ਦਿਨਾਂ ਵਿੱਚ ਹੀ ਲੱਗ ਜਾਵੇਗਾ ਕਿਉਂਕਿ ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਬੇਹੱਦ ਖ਼ਫ਼ਾ ਵਿਖਾਈ ਦੇਣ ਵਾਲੇ ਇਹ ਭਾਜਪਾ ਆਗੂ ਕੋਈ ਵੱਡਾ ਫੈਸਲਾ ਲੈਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਪਾਰਟੀ ਹਾਈਕਮਾਨ ਦੀ ਘੁਰਕੀ ਨਾਲ ਚੁਪਚਾਪ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਕੇ ਹਾਕੀ ਖੇਡਦੇ ਹਨ।

Spread the love

Leave a Reply

Your email address will not be published.

Back to top button