Punjab-ChandigarhTop News

ਮੀਡੀਆ ਵੱਲੋਂ ਸਮਾਜ ਵਿਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਹਿਮ : ਸਾਕਸ਼ੀ ਸਾਹਨੀ

ਪਟਿਆਲਾ ਮੀਡੀਆ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ, ਕੋਰੋਨਾ ਟੀਕਾਕਰਨ ਕੈਂਪ ਵੀ ਲਾਇਆ

Sumanpreet Kaur (The Mirror Time)

ਪਟਿਆਲਾ, 3 ਮਈ :
ਮੀਡੀਆ ਵੱਲੋਂ ਸਮਾਜ ਵਿਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਬਹੁਤ ਅਹਿਮੀਅਤ ਰੱਖਦੀ ਹੈ ਤੇ ਪੱਤਰਕਾਰਾਂ ਨੂੰ ਆਪਣੀਆਂ ਖਬਰਾਂ ਲਿਖਣ ਸਮੇਂ ਕਿਸੇ ਵੀ ਮਾਮਲੇ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਮਾਜ ਨੂੰ ਚੌਕਸ ਰੱਖਣ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੈ। ਉਹਨਾਂ ਕਿਹਾ ਕਿ ਸਮਾਜ ਵਿਚ ਜਦੋਂ ਵੀ ਕੋਈ ਵਰਤਾਰਾ ਵਾਪਰਦਾ ਹੈ ਤਾਂ ਇਸਦੀ ਖਬਰ ਮੀਡੀਆ ਵੱਲੋਂ ਕਿਸ ਤਰੀਕੇ ਨਸ਼ਰ ਕੀਤੀ ਜਾਂਦੀ ਹੈ, ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ। ਡੀ.ਸੀ. ਨੇ ਕਿਹਾ ਕਿ ਮੀਡੀਆ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਕਸ਼ੀ ਸਾਹਨੀ ਨੇ ਇਸ ਮੌਕੇ ਇਕ ਕਵਿਤਾ ਰਾਜ਼ੀ ਨਾਜ਼ੀ ਦੌਰ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸਦੇ ਡੂੰਘੇ ਅਰਥਾਂ ਨੂੰ ਧਿਆਨ ਵਿਚ ਰੱਖਦਿਆਂ ਪੱਤਰਕਾਰਤਾ ਕੀਤੀ ਜਾਣੀ ਚਾਹੀਦੀ ਹੈ।
ਇਸ ਸਮਾਗਮ ਵਿਚ ਕੂੰਜੀਵਤ ਭਾਸ਼ਣ ਦਿੰਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਨੇ ਕਿਹਾ ਕਿ ਪੱਤਰਕਾਰਾਂ ਲਈ ਖਬਰ ਲਿਖਣ ਸਮੇਂ ਭਾਵਨਾਵਾਂ ਦੇ ਵਹਿਣ ਵਿਚ ਨਹੀਂ ਵਹਿਣਾ ਚਾਹੀਦਾ ਸਗੋਂ ਬਹੁਤ ਸੂਖਮਤਾ ਨਾਲ ਵਿਚਾਰ ਮਗਰੋਂ ਹੀ ਆਪਣਾ ਕੰਮ ਕਰਨਾ ਚਾਹੀਦਾ ਹੈ।
ਸਮਾਗਮ ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਦਾਰ ਇਸ਼ਵਿੰਦਰ ਸਿੰਘ ਗਰੇਵਾਲ ਨੇ ਵੀ ਮੀਡੀਆ ਦੀ ਸਮਾਜ ਵਿਚ ਭੂਮਿਕਾ ‘ਤੇ ਚਰਚਾ ਕੀਤੀ ਤੇ ਕੁਝ ਘਟਨਾਵਾਂ ਦਾ ਹਵਾਲਾ ਦੇ ਕੇ ਕਿਹਾ ਕਿ ਜ਼ਿੰਮੇਵਾਰੀ ਨਾਲ ਕੀਤਾ ਗਿਆ ਕੰਮ ਸਮਾਜ ਵਿਚ ਸਭ ਲਈ ਲਾਹੇਵੰਦ ਹੁੰਦਾ ਹੈ।

ਪ੍ਰਧਾਨ ਨਵਦੀਪ ਢੀਂਗਰਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ
ਇਸ ਸਮਾਗਮ ਵਿਚ ਸਕੱਤਰ ਜਨਰਲ ਸ੍ਰੀ ਰਾਣਾ ਰਣਧੀਰ ਸਿੰਘ ਨੇ ਡਿਪਟੀ ਕਮਿਸ਼ਨਰ ਤੇ ਹੋਰ ਮਹਿਮਾਨਾਂ ਨੁੰ ਜੀ ਆਇਆਂ ਕਿਹਾ। ਖਜ਼ਾਨਚੀ ਸ੍ਰੀ ਖੁਸ਼ਵੀਰ ਤੂਰ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਆਹੂਜਾ ਅਤੇ ਨਾਭਾ ਪਾਵਰ ਲਿਮਟਿਡ ਦੇ ਡਾਇਰੈਕਟਰ ਮਨੀਸ਼ ਸਰਹਿੰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਅੰਤ ਵਿਚ ਪ੍ਰਧਾਨ ਨਵਦੀਪ ਢੀਂਗਰਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਚੇਅਰਮੈਨ ਸਰਬਜੀਤ ਸਿੰਘ ਭੰਗੂ ਨੇ ਬਾਖੂਬੀ ਨਿਭਾਇਆ।


ਇਸ ਮੌਕੇ ਕਲੱਬ ਵੱਲੋਂ ਹੈਲਪਏਜ਼ ਇੰਡੀਆ ਸੰਸਥਾ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਕੋਰੋਨਾ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ 40 ਵਿਅਕਤੀਆਂ ਨੇ ਵੈਕਸੀਨ ਲਗਵਾਈ। ਕਲੱਬ ਵੱਲੋਂ ਡਿਪਟੀ ਕਮਿਸ਼ਨਰ ਤੇ ਹੋਰਨਾਂ ਦਾ ਯਾਦਗਾਰੀ ਚਿੰਨੀ ਦੇ ਸਨਮਾਨ ਕੀਤਾ ਗਿਆ।
ਇਸ ਮੌਕੇ ਵਣਮੰਡਲ ਵਿਸਥਾਰ ਪਟਿਆਲਾ ਵੱਲੋਂ ਮੁੱਖ ਬੁਲਾਰੇ ਡਾ. ਅਜੀਤ ਕੰਵਲ ਸਿੰਘ ਤੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਤੇ ਹੋਰਨਾਂ ਵੱਲੋਂ ਕਲੱਬ ਕੰਪਲੈਕਸ ਵਿਚ ਗੁਲਮੋਹਰ ਦਾ ਬੂਟਾ ਲਗਾ ਕੇ ਸਮਾਰੋਹ ਨੁੰ ਯਾਦਗਾਰੀ ਬਣਾਇਆ ਗਿਆ। ਵਣ ਬੀਟ ਅਫਸਰ ਅਮਨ ਅਰੋੜਾ ਨੇ ਬੂਟਾ ਲਗਾਉਣ ਦੀ ਰਸਮ ਅਦਾ ਕੀਤੀ। ਸਮਾਗਮ ਵਿਚ ਸਹਾਇਕ ਲੋਕ ਸੰਪਰਕ ਅਫਸਰ ਹਰਦੀਪ ਸਿੰਘ ਤੇ ਜਸਤਰਨ ਸਿੰਘ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੀਨੀਅਰ ਮੀਤ ਪ੍ਰਧਾਨ ਕੁਲਵੀਰ ਧਾਲੀਵਾਲ, ਮੀਤ ਪ੍ਰਧਾਨ ਸ੍ਰੀ ਕਰਮ ਪ੍ਰਕਾਸ਼, ਜੁਆਇੰਟ ਸਕੱਤਰ ਜਤਿੰਦਰ ਗਰੋਵਰ ਤੇ ਹਰਮੀਤ ਸੋਢੀ, ਪ੍ਰੈਸ ਸਕੱਤਰ ਅਸ਼ੋਕ ਅੱਤਰੀ, ਅਰਵਿੰਦ ਸ੍ਰੀਵਾਸਤਵ, ਯੋਗੇਸ਼ ਧੀਰ, ਗੁਰਵਿੰਦਰ ਸਿੰਘ ਔਲਖ, ਪਰਮੀਤ ਸਿੰਘ, ਪਰਮਜੀਤ ਸਿੰਘ ਪਰਵਾਨਾ, ਗੁਲਸ਼ਨ ਕੁਮਾਰ, ਸ੍ਰੀ ਹਰਿੰਦਰ ਸ਼ਾਰਦਾ, ਸੁਰੇਸ਼ ਕਾਮਰਾ, ਪ੍ਰੇਮ ਵਰਮਾ, ਰਾਮ ਸਰੂਪ ਪੰਜੋਲਾ, ਸੁੰਦਰ ਸ਼ਰਮਾ, ਵਰੁਣ ਸੈਣੀ, ਅਜੈ ਸ਼ਰਮਾ, ਰਵੀ ਜੱਬਲ, ਸਸ਼ਾਂਕ ਸਿੰਘ, ਹਰਵਿੰਦਰ ਸਿੰਘ ਭਿੰਡਰ ਤੇ ਹੋਰ ਮੈਂਬਰ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button