ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਧਮਾਕਾ; 45 ਦੀ ਮੌਤ, 65 ਤੋਂ ਵੱਧ ਜ਼ਖਮੀ; 10 ਦੀ ਹਾਲਤ ਗੰਭੀਰ ਹੈ
ਪਾਕਿਸਤਾਨ ਦੇ ਪੇਸ਼ਾਵਰ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਫਿਦਾਈਨ ਬੰਬ ਹਮਲੇ ‘ਚ ਹੁਣ ਤੱਕ 45 ਲੋਕ ਮਾਰੇ ਜਾ ਚੁੱਕੇ ਹਨ। 65 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ‘ਚੋਂ 10 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਧਮਾਕਾ ਪੇਸ਼ਾਵਰ ਦੇ ਕੋਚਾ ਰਿਸਾਲਦਾਰ ਇਲਾਕੇ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਇਕ ਸ਼ੀਆ ਮਸਜਿਦ ਵਿਚ ਹੋਇਆ। ਹਮਲੇ ਦੇ ਸਮੇਂ ਮਸਜਿਦ ‘ਚ ਕਰੀਬ 150 ਲੋਕ ਮੌਜੂਦ ਸਨ।
ਪੇਸ਼ਾਵਰ ਪੁਲਿਸ ਦੇ ਅਨੁਸਾਰ, ਦੋ ਹਮਲਾਵਰਾਂ ਨੇ ਸ਼ਹਿਰ ਦੇ ਕਿੱਸਾ ਖਵਾਨੀ ਬਾਜ਼ਾਰ ਵਿੱਚ ਸਥਿਤ ਮਸਜਿਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਰੋਕੇ ਜਾਣ ‘ਤੇ ਉਥੇ ਖੜ੍ਹੇ ਪੁਲਿਸ ਕਰਮਚਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹਮਲਾਵਰ ਮਾਰਿਆ ਗਿਆ। ਜਦਕਿ ਇੱਕ ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਇਕੱਲਾ ਹਮਲਾਵਰ ਮਸਜਿਦ ਵਿਚ ਦਾਖਲ ਹੋਇਆ ਅਤੇ ਆਪਣੇ ਆਪ ਨੂੰ ਉਡਾ ਲਿਆ।