Punjab-Chandigarh

ਵਿਧਾਨ ਸਭਾ ਚੋਣਾਂ 2022 ਦੌਰਾਨ ਚੋਣਾਂ ਵਾਲੇ ਦਿਨ ਤਾਇਨਾਤ ਕੀਤੇ ਜਾਣ ਵਾਲੇ ਵਲੰਟੀਅਰਾਂ ਸਬੰਧੀ ਆਨਲਾਈਨ ਮੀਟਿੰਗ

ਪਟਿਆਲਾ, 3 ਫਰਵਰੀ:
  ਜ਼ਿਲ੍ਹਾ ਪਟਿਆਲਾ ਵਿਚ ਦਿਵਿਆਂਗਜਨ ਵੋਟਰਾਂ ਅਤੇ 80  ਸਾਲ ਤੋਂ ਵਧੇਰੇ ਉਮਰ ਵਾਲੇ ਵੋਟਰਾਂ ਦੀ ਸਹਾਇਤਾ ਲਈ ਚੋਣਾਂ ਵਾਲੇ ਦਿਨ ਬੂਥ ਪੱਧਰ ਉੱਪਰ ਤਾਇਨਾਤ ਕੀਤੇ ਜਾਣ ਵਾਲੇ ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਿਟ ਕੋਰ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਦੀ ਟ੍ਰੇਨਿੰਗ ਸਬੰਧੀ ਜ਼ਿਲ੍ਹੇ ਦੇ ਸਮੂਹ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨਾਲ ਜ਼ਿਲ੍ਹਾ ਸਵੀਪ ਟੀਮ ਵੱਲੋਂ ਆਨਲਾਈਨ ਮੀਟਿੰਗ ਕੀਤੀ ਗਈ।
  ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ, ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਕੋਆਰਡੀਨੇਟਰ ਨੇਹਾ ਸ਼ਰਮਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।
  ਮੀਟਿੰਗ ਦੌਰਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ  ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਚੋਣਾਂ ਵਾਲੇ ਦਿਨ ਹਰ ਇੱਕ ਚੋਣ ਲੋਕੇਸ਼ਨ ਉੱਪਰ ਤਾਇਨਾਤ ਕੀਤੇ ਜਾਣ ਵਾਲੇ ਵਲੰਟੀਅਰਾਂ ਦੀ ਲਿਸਟਾਂ ਤਿਆਰ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਪਰੋਕਤ ਵਲੰਟੀਅਰ ਬੂਥ ਲੈਵਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਦਿਵਿਆਂਗਜਨ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਵੋਟ ਭੁਗਤਾਉਣ ਵਿਚ ਮਦਦ ਕਰਨਗੇ।
  ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 7 ਫਰਵਰੀ ਨੂੰ ਸਮੂਹ ਵਲੰਟੀਅਰਾਂ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਆਨਲਾਈਨ ਟ੍ਰੇਨਿੰਗ ਕਰਵਾਈ ਜਾਵੇਗੀ ਜਿਸ ਰਾਹੀਂ  ਵਲੰਟੀਅਰਾਂ ਦੇ ਕਾਰਜ ਖੇਤਰ ਅਤੇ ਉਨ੍ਹਾਂ ਦੀਆਂ ਡਿਊਟੀਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਕੋਆਰਡੀਨੇਟਰ ਪ੍ਰੋ ਮਮਤਾ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਸਮੂਹ ਕਾਲਜਾਂ ਦੇ ਵਲੰਟੀਅਰ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਦੇ ਵਿੱਚ ਜ਼ਿਲ੍ਹਾ ਚੋਣ ਵਿਭਾਗ ਨੂੰ ਪੂਰਨ ਸਹਿਯੋਗ ਦੇਣਗੇ।

Spread the love

Leave a Reply

Your email address will not be published.

Back to top button