Punjab-Chandigarh

80 ਸਾਲ ਤੋਂ ਵਧੇਰੇ ਉਮਰ ਵਾਲੇ ਸੀਨੀਅਰ ਸਿਟੀਜ਼ਨ ਨੂੰ ਚੋਣਾਂ ਵਾਲੇ ਦਿਨ ਦੇਵਾਂਗੇ ਵਿਸ਼ੇਸ਼ ਸਹੂਲਤਾਂ : ਪ੍ਰੋ ਗੁਰਬਖਸ਼ੀਸ਼ ਅਨਟਾਲ

ਪਟਿਆਲਾ, 2 ਫਰਵਰੀ :
  ਪੰਜਾਬ ਵਿਧਾਨ ਸਭਾ ਚੋਣਾਂ ਹਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਲਗਾਤਾਰ ਵੱਡੇ ਪੱਧਰ ਉਪਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਸਥਾਨਕ ਫੋਕਲ ਪੁਆਇੰਟ ਸਥਿਤ ਧੰਨਾ ਭਗਤ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਜ਼ੁਰਗ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਿਰਧ ਆਸ਼ਰਮ ਦੇ 23 ਅਤੇ ਨਜ਼ਦੀਕੀ ਇਲਾਕਿਆਂ ਦੇ ਬਜ਼ੁਰਗਾਂ ਨੇ ਹਿੱਸਾ ਲਿਆ ਅਤੇ 100 ਪ੍ਰਤੀਸ਼ਤ ਵੋਟਾਂ ਦੇ ਭੁਗਤਾਨ ਦਾ ਪ੍ਰਣ ਕੀਤਾ।
  ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਵਿਸ਼ੇਸ਼ ਤੌਰ ਉੱਪਰ ਸ਼ਿਰਕਤ ਕੀਤੀ। ਪ੍ਰੋ ਅੰਟਾਲ ਨੇ ਦੱਸਿਆ ਕਿ ਜੇਕਰ 80 ਸਾਲ ਤੋਂ ਵਧੇਰੇ ਉਮਰ ਵਾਲੇ ਸੀਨੀਅਰ ਸਿਟੀਜ਼ਨ ਵੋਟ ਪਾਉਣ ਲਈ ਟਰਾਂਸਪੋਰਟ ਜਾਂ ਵੀਹਲ ਚੇਅਰ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਉਹ ਸੁਵਿਧਾ ਚੋਣ ਵਾਲੇ ਦਿਨ 20 ਫਰਵਰੀ ਨੂੰ ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਬੂਥਾਂ ਉੱਪਰ ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਤਾਇਨਾਤ ਕੀਤੇ ਜਾ ਰਹੇ ਹਨ ਜੋ ਇਹਨਾਂ ਨੂੰ ਪੂਰਨ ਸਹਿਯੋਗ ਦੇਣਗੇ ਅਤੇ ਪਹਿਲ ਦੇ ਅਧਾਰ ਉੱਪਰ ਵੋਟ ਪਵਾਉਣਗੇ।
  ਜ਼ਿਲ੍ਹਾ ਨੋਡਲ ਅਧਿਕਾਰੀ ਦਿਵਿਆਂਗਜਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਨੇ  ਭਾਰਤੀ ਚੋਣ ਕਮਿਸ਼ਨ ਦੀ ਦਿਵਿਆਂਗਜਨ ਵੋਟਰਾਂ ਲਈ ਮੋਬਾਈਲ ਐਪ ਪੀ.ਡਬਲਿਊ.ਡੀ ਐਪ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਬੰਧਕਾਂ ਨੂੰ ਇਸ  ਐਪ ਦੀ ਵਰਤੋਂ ਦੀ ਟ੍ਰੇਨਿੰਗ ਵੀ ਕਰਵਾਈ ਤਾਂ ਜੋ ਬਜ਼ੁਰਗ ਪੜ੍ਹ ਲਿਖ ਨਹੀਂ ਸਕਦੇ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ।
  ਧੰਨਾ ਭਗਤ ਸੀਨੀਅਰ ਸਿਟੀਜ਼ਨ ਹੋਮ. ਦੇ ਡਾਇਰੈਕਟਰ ਗੁਰਸੇਵਕ ਸਿੰਘ ਨੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਚੋਣ ਵਾਲੇ ਦਿਨ  ਜ਼ਿਲ੍ਹਾ ਚੋਣ ਅਫ਼ਸਰ ਨੂੰ ਵਲੰਟੀਅਰ ਅਤੇ ਵੀਹਲ ਚੇਅਰ ਆਦਿ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਨ ਸਭਾ ਚੋਣਾਂ ਵਿੱਚ ਬਜ਼ੁਰਗਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਕਾਰਨ ਸੀਨੀਅਰ ਸਿਟੀਜ਼ਨਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਹਾਲਤਾਂ ਦੇ ਕਾਰਨ ਉਹ ਬੇਸ਼ੱਕ ਦਿਵਿਆਂਗਜਨ ਜਾਂ ਬਿਰਧ ਅਵਸਥਾ ਵਾਲਾ ਜੀਵਨ ਬਤੀਤ ਕਰ ਰਹੇ ਹਨ ਪਰ ਆਪਣੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਭੁਗਤਾਨ ਜ਼ਰੂਰ ਕਰਨਗੇ।

Spread the love

Leave a Reply

Your email address will not be published. Required fields are marked *

Back to top button