Punjab-Chandigarh

ਸਾਰੇ ਉਮੀਦਵਾਰ ਆਪਣੇ ਖ਼ਰਚਾ ਰਜਿਸਟਰਾਂ ਦੀ ਪੜਤਾਲ ਖ਼ਰਚਾ ਆਬਜ਼ਰਵਰਾਂ ਕੋਲ ਲਾਜਮੀ ਕਰਵਾਉਣ-ਸੰਦੀਪ ਹੰਸ

 ਬਲਜੀਤ ਸਿੰਘ ਕੰਬੋਜ

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਖ਼ਰਚਿਆਂ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ ਤਾਇਨਾਤ ਕੀਤੇ 3 ਖ਼ਰਚਾ ਨਿਗਰਾਨ ਅਬਜ਼ਰਵਰਾਂ ਵੱਲੋਂ ਜਦੋਂ ਵੀ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪੜਤਾਲ ਕਰਨ ਲਈ ਬੁਲਾਇਆ ਜਾਵੇ, ਉਸੇ ਮਿਥੇ ਸਮੇਂ ‘ਤੇ ਆਪਣੇ ਰਜਿਸਟਰਾਂ ਦੀ ਪੜਤਾਲ ਲਾਜਮੀ ਕਰਵਾਈ ਜਾਵੇ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਖ਼ਰਚਾ ਨਿਗਰਾਨ ਆਬਜ਼ਰਵਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਵੱਲੋਂ 6 ਫਰਵਰੀ ਨੂੰ ਸਵੇਰੇ 11 ਵਜੇ ਘਨੌਰ ਅਤੇ ਸਨੌਰ ਹਲਕੇ ਦੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪਹਿਲੀ ਪੜਤਾਲ ਅਤੇ ਦੁਪਹਿਰ 12.30 ਵਜੇ ਰਾਜਪੁਰਾ ਹਲਕੇ ਦੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪੜਤਾਲ ਕਰਕੇ ਪਰਛਾਵਾਂ ਪ੍ਰੇਖਣ ਰਜਿਸਟਰਾਂ ਨਾਲ ਮਿਲਾਣ ਕੀਤਾ ਜਾਵੇਗਾ। ਜਦੋਂਕਿ ਦੂਜੀ ਪੜਤਾਲ 10 ਫਰਵਰੀ ਨੂੰ ਅਤੇ 17 ਫਰਵਰੀ ਨੂੰ ਤੀਜੀ ਪੜਤਾਲ ਕੀਤੀ ਜਾਵੇਗੀ।
ਇਸੇ ਤਰ੍ਹਾਂ ਹੀ ਖ਼ਰਚਾ ਆਬਜ਼ਰਵਰ ਸ੍ਰੀ ਅਵਨੀਸ਼ ਕੁਮਾਰ ਯਾਦਵ ਵੱਲੋਂ ਨਾਭਾ ਹਲਕੇ ਦੇ ਉਮੀਦਵਾਰਾਂ ਦੇ ਰਜਿਸਟਰਾਂ ਦੀ ਪਹਿਲੀ ਪੜਤਾਲ 7 ਫਰਵਰੀ ਨੂੰ, ਦੂਜੀ ਪੜਤਾਲ 12 ਅਤੇ ਤੀਜੀ 17 ਫਰਵਰੀ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਟਿਆਲਾ-115 ਹਲਕੇ ਅਤੇ ਪਟਿਆਲਾ ਦਿਹਾਤੀ-110 ਦੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਰਜਿਸਟਰਾਂ ਵੀ ਪਹਿਲੀ ਪੜਤਾਲ 9 ਫਰਵਰੀ, ਦੂਜੀ ਪੜਤਾਲ 14 ਫਰਵਰੀ ਅਤੇ ਤੀਜੀ ਪੜਤਾਲ 18 ਫਰਵਰੀ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖ਼ਰਚਾ ਆਬਜ਼ਰਵਰ ਸ੍ਰੀ ਗੌਰੀ ਸ਼ੰਕਰ ਵੱਲੋਂ ਸਮਾਣਾ ‘ਚ ਚੋਣ ਲੜ ਰਹੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪੜਤਾਲ 8 ਫਰਵਰੀ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 40 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾ ਕੇੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਪਹਿਲਾਂ ਹੀ ਆਪਣੇ ਖਰਚਾ ਰਜਿਸਟਰ, ਬਿੱਲ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਮੇਨਟੇਨ ਕਰਨ ਦੀਆਂ ਸਮੇਂ-ਸਮੇਂ ‘ਤੇ ਅਪੀਲਾਂ ਕੀਤੀਆਂ ਗਈਆਂ ਹਨ। 

Spread the love

Leave a Reply

Your email address will not be published. Required fields are marked *

Back to top button