‘ਆਪ’ ਸਰਕਾਰ ਸਕੂਲਾਂ, ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਦੇਵੇ ਧਿਆਨ: ਸੂਬਾ ਕਮੇਟੀ

15 ਮਾਰਚ (ਮੋਗਾ) ਪੰਜਾਬ ‘ਚ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਸਹੁੰ ਵੀ ਨਹੀਂ ਚੁੱਕੀ ਪਰ ਨਵੀਂ-ਨਵੀਂ ਹਾਸਿਲ ਕੀਤੀ ਸੱਤਾ ਦੇ ਨਸ਼ੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਮਰੱਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰੀ ਸਕੂਲਾਂ, ਦਫਤਰਾਂ, ਸੰਸਥਾਵਾਂ ਵਿੱਚ ਛਾਪੇ ਮਾਰ ਰਹੇ ਹਨ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੱਤਾ ਦਾ ਨਸ਼ਾ ‘ਆਪ’ ਦੇ ਆਮ ਵਰਕਰਾਂ ਦੇ ਵੀ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ। ਵਿਧਾਇਕਾਂ ਦੀਆਂ ਪਤਨੀਆਂ ਸਰਕਾਰੀ ਦਫਤਰਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰਾਂ ਵੱਲੋਂ ਸੰਵਿਧਾਨਿਕ ਅਹੁਦਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਇਹਨਾਂ ਗੈਰ ਸੰਵਿਧਾਨਿਕ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਕੂਲਾਂ ਚ ਪ੍ਰੀਖਿਆਵਾਂ ਦੀ ਤਿਆਰੀ ਜੋਰਾਂ ‘ਤੇ ਚੱਲ ਰਹੀ ਹੈ ਤੇ ਠੀਕ ਓਸੇ ਵਕਤ ਵਿਧਾਇਕਾਂ, ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਮਰੱਥਕਾਂ ਵੱਲੋਂ ਸਕੂਲਾਂ ਦਾ ਵਿਦਿਅਕ ਮਹੌਲ ਖਰਾਬ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਆਪ ਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੌਮ ਨਿਰਮਾਤਾ ਦੇ ਖਿਲਾਫ਼ ਭੁਗਤਣ ਲੱਗੀ ਹੈ, ਸਹੁੰ ਚੁੱਕਣ ਤੋਂ ਬਾਅਦ ਵਿੱਚ ਇਹ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀ ਹਸ਼ਰ ਕਰੇਗੀ? ਉਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਅਧਿਆਪਕਾਂ ਦੀਆਂ ਵੱਡੀ ਪੱਧਰ ‘ਤੇ ਹਜਾਰਾਂ ਆਸਾਮੀਆਂ ਖਾਲੀ ਹਨ, ਹਜਾਰਾਂ ਅਧਿਆਪਕ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਪੱਕੇ ਰੁਜਗਾਰ ਨੂੰ ਉਡੀਕਦੇ ਓਵਰ-ਏਜ਼ ਹੋ ਚੁੱਕੇ ਹਨ, ਸਰਕਾਰੀ ਸਕੂਲ ਸਹੂਲਤਾਂ ਤੋਂ ਸੱਖਣੇ ਹਨ, ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਇਆ ਹੋਇਆ ਹੈ, ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਅਧਿਆਪਕਾਂ ਦਾ ਬੁਢਾਪਾ ਹਨੇਰੇ ਚ ਪਾਇਆ ਹੋਇਆ ਹੈ, ਸਮਾਰਟ ਸਕੂਲ ਪਾਲਸੀ ਦੇ ਨਾਂਅ ‘ਤੇ ਨਿੱਜੀਕਰਨ ਦੀ ਨੀਤੀ ਤਹਿਤ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ। ਸਰਕਾਰ ਦਾ ਹੱਕ ਬਣਦਾ ਹੈ ਕਿ ਪੰਜਾਬ ਦੀਆਂ ਸਮੂਹ ਅਧਿਆਪਕਾਂ ਜਥੇਬੰਦੀਆਂ ਨਾਲ ਮੀਟਿੰਗ ਕਰੇ ਅਤੇ ਉੱਕਤ ਸਮੱਸਿਆਵਾਂ ਸਮੇਤ ਸਿੱਖਿਆ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਨੂੰ ਜਾਣ ਕੇ ਪਹਿਲ ਦੇ ਆਧਾਰ ‘ਤੇ ਇਹਨਾਂ ਦਾ ਹੱਲ ਕਰੇ, ਉਪਰੰਤ ਫਿਰ ਸਕੂਲਾਂ ’ਚ ਜਾ ਕੇ ਚੈਕਿੰਗ ਕੀਤੀ ਜਾਵੇ। ਅਧਿਆਪਕ-ਵਿਦਿਆਰਥੀ ਅਨੁਪਾਤ ਤਰਕਸੰਗਤ ਕਰਕੇ ਲੋੜੀਂਦੀ ਗਿਣਤੀ ਵਿੱਚ ਅਧਿਆਪਕ ਭਰਤੀ ਕੀਤੇ ਜਾਣ। ਕੱਚੇ ਅਧਿਆਪਕਾਂ ਦਾ ਰੁਜ਼ਗਾਰ ਪੱਕਾ ਕੀਤਾ ਜਾਵੇ। ਡੈਪੂਟੇਸ਼ਨ ‘ਤੇ ਬਤੌਰ ਬੀ.ਐੱਮਜ਼., ਡੀ.ਐੱਮਜ਼. ਤਾਇਨਾਤ ਕੀਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ। ਕੀਤੇ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਤੋਂ ਸੱਖਣੇ ਅਧਿਆਪਕਾਂ ਲਈ ਬਣਦਾ ਬਜਟ ਜਾਰੀ ਕੀਤਾ ਜਾਵੇ। ਡੀਟੀਐੱਫ਼ ਪੰਜਾਬ ਦੀ ਸੂਬਾ ਕਮੇਟੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਪਹੁੰਚ ਕੇ ਆਪਹੁਦਰੀਆਂ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਅਖੌਤੀ ਸਮਰੱਥਕਾਂ ‘ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਧਿਆਪਕ ਜਥੇਬੰਦੀ ਡੀਟੀਐੱਫ਼ ਪੰਜਾਬ ਸੂਬਾ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢੇਗੀ ਅਤੇ ਅਧਿਆਪਕਾਂ ਦੇ ਖੁੱਸੇ ਮਾਣ ਸਤਿਕਾਰ ਨੂੰ ਬਹਾਲ ਕਰਵਾਉਣ ਤੱਕ ਸੰਘਰਸ਼ ਵਿੱਚ ਡਟੀ ਰਹੇਗੀ।