
ਪਟਿਆਲਾ:11 ਜੂਨ, 2022
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਐਨ.ਸੀ.ਸੀ ਪੰਜਾਬ ਬਟਾਲੀਅਨ 4 ਗਰੁੱਪ ਹੈੱਡਕੁਆਰਟਰ, ਪਟਿਆਲਾ ਦੇ ਸਹਿਯੋਗ ਨਾਲ ਐਨ.ਸੀ.ਸੀ ਵਿਭਾਗਾਂ ਦੀ ਮੌਜੂਦਗੀ ਵਾਲੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਐਨ.ਸੀ.ਸੀ ਟਰੇਨਿੰਗ ਸਬੰਧੀ ਨਵੀਨਤਮ ਤਕਨੀਕਾਂ ਤੇ ਢੰਗਾਂ ਦੇ ਵੱਖ-ਵੱਖ ਪੱਖਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਸਮਾਗਮ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਅਧੀਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ ਤੇ ਫ਼ਤਿਹਗੜ੍ਹ ਜ਼ਿਲਿਆਂ ਦੇ 30 ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ 47 ਐਸੋਸੀਏਟ ਐਨ.ਸੀ.ਸੀ ਅਫ਼ਸਰਾਂ ਤੇ ਕੇਅਰ ਟੇਕਰਾਂ ਸਮੇਤ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਐਨ.ਸੀ.ਸੀ ਕੈਡਟਾਂ ਦੀ ਟਰੇਨਿੰਗ ਲਈ ਜ਼ਿੰਮੇਵਾਰ ਸਾਰੇ ਹਿੱਸੇਦਾਰਾਂ ਨੂੰ ਐਨ.ਸੀ.ਸੀ ਦੇ ਟੀਚਿਆਂ, ਮੁੱਲਾਂ ਤੇ ਨਵੀਨਤਮ ਟਰੇਨਿੰਗ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ ਤਾਂ ਕਿ ਐਨ.ਸੀ.ਸੀ ਕੈਡਟਾਂ ਦੀ ਸਿਖਲਾਈ ਨੂੰ ਹੋਰ ਬਿਹਤਰ ਤੇ ਮੌਜੂਦਾ ਪਰਿਸਥਿਤੀਆਂ ਅਨੁਕੂਲ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਸਮਾਗਮ ਅਗਲੇਰੇ ਸਾਲਾਂ ਵਿੱਚ ਐਨ.ਸੀ.ਸੀ. ਟਰੇਨਿੰਗ ਨੂੰ ਆਪਣੀ ਮਰਜ਼ੀ ਨਾਲ ਸ਼ਾਮਲ ਹੋਣ ਵਾਲੇ ਨੌਜਵਾਨ ਕੈਡਟਾਂ ਲਈ ਹੋਰ ਵੱਧ ਸੁਚਾਰੂ ਤੇ ਉਤਸ਼ਾਹਜਨਕ ਬਣਾਉਣ ਤੇ ਜ਼ੋਰ ਦੇਣ ਲਈ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਨ.ਸੀ.ਸੀ ਗਰੁੱਪ, ਪਟਿਆਲਾ ਦੇ ਕਮਾਂਡਰ ਬ੍ਰਿਗੇਡੀਅਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਸੀ. ਸਾਡੇ ਰਾਸ਼ਟਰ ਦੀ ਸਭ ਤੋਂ ਵੱਡੀ ਨੌਜਵਾਨ ਸੰਸਥਾ ਹੈ ਤੇ ਉਸ ਦਾ ਰਾਸ਼ਟਰ-ਨਿਰਮਾਣ ਵਿੱਚ ਅਦੁੱਤੀ ਯੋਗਦਾਨ ਹੈ। ਉਹਨਾਂ ਅਨੁਸਾਰ ਕੈਡਟਾਂ ਦੀ ਇਸ ਸਫਲਤਾ ਪਿੱਛੇ ਸਾਡੇ ਟਰੇਨਿੰਗ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀ ਭੂਮਿਕਾ ਬਹੁਤ ਹੀ ਅਹਿਮ ਤੇ ਫ਼ੈਸਲਾਕੁਨ ਹੈ। ਉਹਨਾਂ ਨੇ ਦੱਸਿਆ ਕਿ ਭਵਿੱਖ ਵਿੱਚ ਟਰੇਨਿੰਗ ਵਿੱਚ ਕਿਰਿਆਸ਼ੀਲ ਤੇ ਸਮਕਾਲੀ ਟਰੇਨਿੰਗ ਵਿਧੀਆਂ ਅਪਣਾਉਣੀਆਂ ਜ਼ਰੂਰੀ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਐਨ.ਸੀ.ਸੀ ਟਰੇਨਿੰਗ ਵਿੱਚ ਨਵੀਨਤਮ ਤਕਨੀਕਾਂ ਦੀ ਵਰਤੋਂ ਅਤੇ ਸਰਕਾਰ ਵੱਲੋਂ ਕੈਡਟਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਤੇ ਵੀ ਚਾਨਣਾ ਪਾਇਆ। ਇਸ ਸਮਾਗਮ ਵਿੱਚ ਹਾਜ਼ਰ ਟਰੇਨਿੰਗ ਅਫ਼ਸਰਾਂ ਤੇ ਪ੍ਰਿੰਸੀਪਲਾਂ ਨੇ ਵੱਧ ਤੋਂ ਵੱਧ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਐਨ.ਸੀ.ਸੀ. ਦਾ ਹਿੱਸਾ ਬਣਾਉਣ ਤੇ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਦਾ ਅਹਿਦ ਲਿਆ।
ਇਸ ਮੌਕੇ ਪ੍ਰੋ. ਸ਼ੈਲੇਂਦਰ ਸਿੱਧੂ, ਵਾਈਸ ਪ੍ਰਿੰਸੀਪਲ, ਸਾਬਕਾ ਕਪਤਾਨ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਏ.ਐਨ.ਓ. ਲੈਫਟਿਨੈਂਟ ਡਾ. ਰੋਹਿਤ ਸਚਦੇਵਾ, ਸੀ.ਟੀ.ਓ. ਡਾ. ਸੁਮੀਤ ਕੁਮਾਰ ਅਤੇ ਸ੍ਰੀ ਅਜੇ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਕਾਲਜ ਵੱਲੋਂ ਹਾਜ਼ਰ ਸਨ।