ਵਿਧਾਇਕ ਪਠਾਣਮਾਜਰਾ ਦੀ ਅਗਵਾਈ ਹੇਠ ਸਨੌਰ ਹਲਕੇ ‘ਚ 50 ਹਜ਼ਾਰ ਬੂਟੇ ਤੇ 115 ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂਆਤ

ਭੁਨਰਹੇੜੀ, ਸਨੌਰ, ਪਟਿਆਲਾ, 20 ਜੁਲਾਈ:
ਪੰਜਾਬ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗਾਂ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਅਪੀਲ ਤਹਿਤ ਪੰਜਾਬ ਅੰਦਰ ਕਿਸਾਨਾਂ ਦੀਆਂ ਮੋਟਰਾਂ ‘ਤੇ 5-5 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਸਨੌਰ ਹਲਕੇ ਦੇ ਪਿੰਡ ਨੈਣਾ ਖੁਰਦ ਤੋਂ ਕੀਤੀ।
ਸ੍ਰੀ ਕਟਾਰੂਚੱਕ ਮੁੱਖ ਮੰਤਰੀ ਦੇ ਵਾਤਾਵਰਣ ਸਬੰਧੀ ਫ਼ਲੈਗਸ਼ਿਪ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਨੌਰ ਹਲਕੇ ‘ਚ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ 50 ਹਜ਼ਾਰ ਬੂਟੇ ਅਤੇ 115 ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਨੇ ਕੁਲ੍ਹੇਮਾਜਰਾ ਫਾਰਮ ‘ਚ ਬੂਟੇ ਲਗਾਉਣ ਮਗਰੋਂ ਪਿੰਡਾਂ ‘ਚ ਬੂਟੇ ਵੰਡਣ ਦੀ ਵੀ ਸ਼ੁਰੂਆਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਹਰਿਆਲੀ ਨੂੰ ਵਿਕਾਸ ਦਾ ਹਿੱਸਾ ਬਣਾਇਆ ਹੈ, ਜਿਸ ਲਈ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਟੈਕਸਟਾਈਲ ਪਾਰਕ ਪ੍ਰਾਜੈਕਟ ਦੀ ਥਾਂ ਮੱਤੇਵਾੜਾ ਜੰਗਲ ਨੂੰ ਬਚਾਉਣ ਨੂੰ ਪਹਿਲ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਰਾਜ ‘ਚ ਨਗਰ-ਵਣ ਯੋਜਨਾ ਅਧੀਨ ਬਣਾਏ ਜਾ ਰਹੇ 4 ਨਵੇਂ ਵਾਤਾਵਰਣ ਪਾਰਕਾਂ ‘ਚੋਂ ਇੱਕ ਪਾਰਕ ਪਟਿਆਲਾ ਜ਼ਿਲ੍ਹੇ ਦੇ ਖੇੜੀ ਗੁੱਜਰਾਂ ‘ਚ 61.10 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਰਾਜ ਅੰਦਰ ਬਣਾਈਆਂ ਜਾ ਰਹੀਆਂ 154 ਗੁਰੂ ਨਾਨਕ ਬਗੀਚੀਆਂ ‘ਚੋਂ ਇੱਕ ਬਗੀਚੀ ਹਲਕਾ ਸਨੌਰ ‘ਚ ਵੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ‘ਚ ਨਜ਼ਾਇਜ਼ ਕਬਜ਼ਿਆਂ ਹੇਠੋਂ ਛੁਡਵਾਈਆਂ ਜਮੀਨਾਂ ‘ਤੇ ਵੀ ਬੂਟੇ ਲਗਾਉਣ ਤਹਿਤ ਬੀੜ ਕੁਲੇਮਾਜਰਾ ‘ਚ ਵੀ 43 ਏਕੜ ਜਮੀਨ ‘ਚ ਬੂਟੇ ਲਾਏ ਜਾ ਰਹੇ ਹਨ।
ਪੱਤਰਕਾਰਾਂ ਵੱਲੋਂ ਵਣਾਂ ਹੇਠਾਂ ਰਕਬਾ ਵਧਾਉਣ ਬਾਬਤ ਪੁੱਛੇ ਜਾਣ ‘ਤੇ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬਜਟ ‘ਚ ਵੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਲਈ ਵਿਸ਼ੇਸ਼ ਫੰਡ ਰਾਖਵੇ ਰੱਖੇ ਅਤੇ ਇਸ ਤਹਿਤ 58.63 ਲੱਖ ਬੂਟੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਰਾਜ ਦੇ ਹਰ ਹਲਕੇ ‘ਚ ਸਾਡੀ ਪੁਰਾਣੀ ਵਿਰਾਸਤ ਨਿੰਮ, ਬੋਹੜ ਤੇ ਪਿੱਪਲ ਦਰਖਤਾਂ ਦੀਆਂ 115-115 ਤ੍ਰਿਵੈਣੀਆਂ ਵੀ ਲਗਾਈਆਂ ਜਾ ਰਹੀਆਂ ਹਨ। ਜਦਕਿ ਪੁਰਾਣੇ ਬੂਟਿਆਂ ਨੂੰ ਬਚਾਉਣ ਤੋਂ ਇਲਾਵਾ 1.16 ਕਰੋੜ ਨਵੇਂ ਬੂਟੇ ਲਗਾਏ ਜਾਣਗੇ, ਜਿਸ ਲਈ 20 ਲੱਖ ਬੂਟੇ ਕਿਸਾਨਾਂ ਤੇ ਐਨ.ਜੀ.ਓਜ਼ ਨੂੰ ਦੇਣ ਸਮੇਤ ਸਰਕਾਰੀ ਇਮਾਰਤਾਂ ਦੀਆਂ ਖਾਲੀ ਥਾਵਾਂ ‘ਚ ਲਾਏ ਜਾਣਗੇ।
ਇਸ ਤੋਂ ਮਗਰੋਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ‘ਤੇ 5-5 ਬੂਟੇ ਲਗਾਉਣ ਅਤੇ ਆਮ ਲੋਕਾਂ ਨੂੰ ਆਪਣੇ ਘਰਾਂ ਤੇ ਖਾਲੀ ਥਾਵਾਂ ‘ਚ ਬੂਟੇ ਲਗਾਕੇ ਇਨ੍ਹਾਂ ਨੂੰ ਆਪਣੇ ਧੀਆਂ-ਪੁੱਤਾਂ ਦੀ ਤਰ੍ਹਾਂ ਪਾਲਣ ਦੀ ਅਪੀਲ ਕੀਤੀ।
ਵਣ ਮੰਤਰੀ ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ‘ਚ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਦਰਦ ਹੈ, ਜਿਸ ਲਈ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਨੂੰ ਇੱਕ-ਇੱਕ ਕਰਕੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਗਰੰਟੀ 600 ਯੂਨਿਟ ਮੁਫ਼ਤ ਬਿਜਲੀ ਦੇਣ ਤਹਿਤ ਅਗਸਤ ਮਹੀਨੇ 85 ਫ਼ੀਸਦੀ ਲੋਕਾਂ ਦਾ ਜ਼ੀਰੋ ਬਿਲ ਆਵੇਗਾ। ਉਨ੍ਹਾਂ ਕਿਹਾ ਕਿ ਇਮਾਨਦਾਰ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਤੋਂ ਹੀ ਲੋਕ ਭਲਾਈ ਦਾ ਕੰਮ ਕਰਨਾ ਸ਼ੁਰੂ ਕਰਦਿਆਂ ਰਾਜ ‘ਚ ਹਰ ਤਰ੍ਹਾਂ ਦੇ ਮਾਫ਼ੀਏ ਦੀ ਸਫ਼ਾਈ ਕਰਨ ਦਾ ਅਹਿਦ ਲਿਆ ਸੀ।
ਇਸ ਦੌਰਾਨ ਹਲਕਾ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਨੇ ਕੈਬਨਿਟ ਮੰਤਰੀ ਨੂੰ ਹਲਕੇ ਅੰਦਰਲੀਆਂ ਭੁਨਰਹੇੜੀ ਤੇ ਬੋਸਰ ਕਲਾਂ ਬੀੜ ਦੁਆਲੇ ਤਾਰ ਲਗਵਾਉਣ ਦੀ ਮੰਗ ਉਠਾਉਂਦਿਆਂ ਹਲਕੇ ਦੀਆਂ ਹੋਰ ਮੰਗਾਂ ਦਾ ਜ਼ਿਕਰ ਕੀਤਾ। ਸ. ਪਠਾਣਮਾਜਰਾ ਨੇ ਕਿਹਾ ਕਿ ਉਹ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਨੂੰ ਕਾਮਯਾਬ ਬਣਾਉਣਗੇ।
ਇਸ ਮੌਕੇ ਮੁੱਖ ਵਣਪਾਲ (ਪਲੈਨਜ਼) ਨਿਰਮਲਜੀਤ ਸਿੰਘ ਰੰਧਾਵਾ, ਵਣਪਾਲ ਸਾਊਥ ਪਟਿਆਲਾ ਸੰਜੇ ਬਾਂਸਲ ਅਤੇ ਵਣ ਮੰਡਲ ਅਫ਼ਸਰ ਵਿਦਿਆ ਸਾਗਰੀ ਨੇ ਵਣ ਮੰਤਰੀ ਦਾ ਸਵਾਗਤ ਕੀਤਾ ਅਤੇ ਜ਼ਿਲ੍ਹੇ ‘ਚ ਵਣਾਂ ਦੀ ਸਥਿਤੀ ਤੋਂ ਜਾਂਣੂ ਕਰਵਾਇਆ। ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਹਰਜੀਤ ਸਿੰਘ, ਦਲਜੀਤ ਦਾਨੀਪੁਰ, ਹਰਪ੍ਰੀਤ ਸਿੰਘ ਘੁੰਮਣ, ਪ੍ਰਗਟ ਸਿੰਘ ਰੱਤਾਖੇੜਾ, ਡਾ. ਕਰਮ ਸਿੰਘ, ਨਰਿੰਦਰ ਸਿੰਘ ਤੱਖਰ, ਡਾ. ਗੁਰਮੀਤ ਸਿੰਘ ਬਿੱਟੂ, ਗੁਰਮੇਜ ਸਿੰਘ, ਮਨਿੰਦਰ ਫਰਾਂਸਵਾਲਾ, ਪ੍ਰਦੀਪ ਜੋਸ਼ਨ, ਐਡਵੋਕੇਟ ਪ੍ਰਭਜੀਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਵਲੰਟੀਅਰ ਵੀ ਪੁੱਜੇ ਹੋਏ ਸਨ।
ਇਸ ਤੋਂ ਇਲਾਵਾ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀਜ਼ ਵਜ਼ੀਰ ਸਿੰਘ ਖਹਿਰਾ, ਹਰਵੀਰ ਕੌਰ ਸਰਾਉ ਤੇ ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ, ਵਣ ਰੇਂਜ ਅਫ਼ਸਰ ਵਿਸਥਾਰ ਸੁਰਿੰਦਰ ਸ਼ਰਮਾ, ਵਣ ਰੇਂਜ ਅਫ਼ਸਰ ਇਕਬਾਲ ਸਿੰਘ ਧੂਰੀ, ਗੁਰਿੰਦਰ ਸਿੰਘ ਵੜੈਚ ਸਮੇਤ ਵਣ ਬੀਟ ਅਫ਼ਸਰ ਅਮਨ ਅਰੋੜਾ, ਹਰਦੀਪ ਸ਼ਰਮਾ, ਬਲਾਕ ਅਫ਼ਸਰ ਐਨ.ਐਸ. ਕੱਲੇਮਾਜਰਾ, ਸੋਮਨਾਥ, ਭੁਨਰਹੇੜੀ ਨਰਸਰੀ ਇੰਚਾਰਜ ਹਰਮਨਦੀਪ ਕੌਰ ਸਮੇਤ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।