Punjab-Chandigarh

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ-ਭੁੱਲਰ

ਪਟਿਆਲਾ, 31 ਮਾਰਚ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਚੋਰ ਮੋਰੀਆਂ ਬੰਦ ਕਰਕੇ ਪੀ.ਆਰ.ਟੀ.ਸੀ. ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜੇ ਅਦਾਰੇ ਪੀ.ਆਰ.ਟੀ.ਸੀ. ‘ਚ ਕਮੀਆਂ ਦੂਰ ਕਰਕੇ ਮੁਨਾਫ਼ੇ ਵਾਲਾ ਅਦਾਰਾ ਬਣਾਇਆ ਜਾਵੇਗਾ। ਸ੍ਰ. ਭੁੱਲਰ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸ਼ਿਵਾ ਪ੍ਰਸਾਦ, ਐਮ.ਡੀ. ਪੀ.ਆਰ.ਟੀ.ਸੀ. ਪਰਨੀਤ ਸ਼ੇਰਗਿੱਲ ਅਤੇ ਡਿਪੂ ਜਨਰਲ ਮੈਨੇਜਰਾਂ ਨਾਲ ਸਮੀਖਿਆ ਮੀਟਿੰਗ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨੀਆਂ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਟਰਾਂਸਪੋਰਟ ਮਹਿਕਮੇ ‘ਚ ਕਰਾਂਤੀਕਾਰੀ ਸੁਧਾਰ ਉਲੀਕੇ ਜਾ ਰਹੇ ਹਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪੀ.ਆਰ.ਟੀ.ਸੀ. ਸਮੇਤ ਟਰਾਂਸਪੋਰਟ ਮਹਿਕਮੇ ਦਾ ਹਰ ਅਧਿਕਾਰੀ ਤੇ ਕਰਮਚਾਰੀ ਸਹਿਯੋਗ ਕਰੇ।
ਮੀਟਿੰਗ ਦੌਰਾਨ ਐਮ.ਡੀ. ਪੀ.ਆਰ.ਟੀ.ਸੀ. ਪਰਨੀਤ ਸ਼ੇਰਗਿੱਲ ਨੇ ਅਦਾਰੇ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ, ਜਿਸ ‘ਤੇ ਚਰਚਾ ਕਰਦਿਆਂ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੈਦਾ ਹੋਈਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ, ਜਿਸ ਲਈ ਸਮੂਹ ਪੀ.ਆਰ.ਟੀ.ਸੀ. ਅਧਿਕਾਰੀ ਤੇ ਕਰਮਚਾਰੀ ਇਮਾਨਦਾਰੀ, ਮਿਹਨਤ ਅਤੇ ਪੰਜਾਬ ਸਰਕਾਰ ਦੀ ਤਰਜੀਹ ਮੁਤਾਬਕ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿੱਥੇ ਸਭ ਤੋਂ ਵਧੀਆ ਕੰਮ ਕਰਨ ਵਾਲੇ ਡਿਪੂ ਮੈਨੇਜਰਾਂ ਦਾ ਸਨਮਾਨ ਕੀਤਾ ਜਾਵੇਗਾ ਉਥੇ ਹੀ ਰਿਸ਼ਵਤਖੋਰੀ ਅਤੇ ਕੁਤਾਹੀ ਨਾਲ ਪੀ.ਆਰ.ਟੀ.ਸੀ. ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਵੀ ਨਹੀਂ ਜਾਵੇਗਾ, ਜਿਸ ਲਈ ਕੋਈ ਸਿਫ਼ਾਰਸ਼ ਨਹੀਂ ਚਲੇਗੀ।
ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਅਦਾਰੇ ਦੀ ਹਰ ਪੱਖੋਂ ਸਮਝ ਹੈ, ਇਸ ਲਈ ਬੱਸ ਅੱਡਿਆਂ ਦੇ ਬਾਹਰੋਂ ਕਿਸੇ ਵੀ ਨਜਾਇਜ਼ ਜਾਂ ਨਿਜੀ ਬੱਸਾਂ ਤੇ ਵੋਲਵੋ ਦੀਆਂ ਟਿਕਟਾਂ ਨਹੀਂ ਕੱਟੀਆਂ ਜਾਣੀਆਂ ਚਾਹੀਦੀਆਂ ਅਤੇ ਨਾ ਹੀ ਟਾਈਮ ਟੇਬਲ ‘ਚ ਕੋਈ ਗੜਬੜੀ ਬਰਦਾਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਜਾਇਜ਼ ਬੱਸਾਂ ਨੂੰ ਰੋਕਣ ਅਤੇ ਟਰਾਂਸਪੋਰਟ ਮਾਫ਼ੀਏ ਨੂੰ ਨੱਥ ਪਾਉਣ ਲਈ ਉਹ ਖ਼ੁਦ ਅਗਵਾਈ ਕਰਨਗੇ, ਜਿਸ ਲਈ ਹਰ ਮੁਲਾਜਮ ਸਹਿਯੋਗ ਕਰੇ। ਸ੍ਰ. ਭੁੱਲਰ ਨੇ ਬੱਸਾਂ ਦੇ ਤੇਲ ਚੋਰੀ ਰੋਕਣ ਲਈ ਹਰੇਕ ਬੱਸ ਤੋਂ ਨਿਰਧਾਰਤ ਮਾਈਲੇਜ ਲੈਣ ਦੀ ਵੀ ਹਦਾਇਤ ਕੀਤੀ ਅਤੇ ਨਾਲ ਹੀ ਵਿਦਿਆਰਥੀ ਪਾਸ ਬਿਨਾਂ ਖੱਜਲ-ਖੁਆਰੀ ਅਤੇ ਸਮਾਂਬੱਧ ਤਰੀਕੇ ਨਾਲ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਟਾਈਮ ਟੇਬਲ ‘ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਸਰਕਾਰੀ ਬੱਸਾਂ ਸਮੇਤ ਵੱਡੇ ਟਰਾਂਸਪੋਰਟਰਾਂ ਅਤੇ ਛੋਟੇ ਟਰਾਂਸਪੋਰਟਰ ਲਈ ਬਰਾਬਰ ਸਮਾਂ ਵੰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਸਾਂ ਦੇ ਪਰਮਿਟ ਦੇਣ ਲਈ ਬੇਰੁਜ਼ਗਾਰਾਂ ਤੇ ਆਮ ਲੋਕਾਂ ਨੂੰ ਤਰਜੀਹ ਦਿੱਤੀ ਜਾਵੇ। ਪੀ.ਆਰ.ਟੀ.ਸੀ. ਨੂੰ ਬਚਾਅ ਕੇ ਇਸ ਨੂੰ ਮੁਨਾਫ਼ੇ ਵਾਲਾ ਅਦਾਰਾ ਬਣਾਉਣ ਦੀ ਗੱਲ ਕਰਦਿਆਂ ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਨਵੀਂ ਭਰਤੀ ਵੀ ਕੀਤੀ ਜਾਵੇਗੀ।
ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਹਦਾਇਤ ਕਰਦਿਆਂ ਕਿਹਾ ਕਿ 1284 ਬੱਸਾਂ ਦੇ ਬੇੜੇ ਵਾਲੀ ਪੀ.ਆਰ.ਟੀ.ਸੀ., ਘਾਟੇ ਵਾਲੇ ਰੂਟਾਂ ਸਮੇਤ, ਜਿੱਥੇ ਨਿਜੀ ਬੱਸਾਂ ਨਹੀਂ ਚਲਦੀਆਂ ਤੋਂ ਇਲਾਵਾ ਪੇਂਡੂ ਰੂਟਾਂ ‘ਤੇ ਵੀ ਸਵਾਰੀਆਂ ਢੋਂਹਦੀ ਹੈ, ਜਿਸ ਲਈ ਸਵਾਰੀਆਂ ਦਾ ਖਾਸ ਖਿਆਲ ਰੱਖਣ ਸਮੇਤ ਗਰਮੀਆਂ ਦੌਰਾਨ ਹਰ ਬੱਸ ‘ਚ ਪਾਣੀ ਅਤੇ ਬੱਸ ਅੱਡਿਆਂ ਦੀ ਸਾਫ਼-ਸਫ਼ਾਈ ਤੇ ਰੱਖ ਰਖਾਅ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਬੱਸ ਅੱਡੇ ‘ਤੇ ਸਰਕਾਰੀ ਬੱਸ ਰੁਕਣੀ ਚਾਹੀਦੀ ਹੈ ਅਤੇ ਜੇਕਰ ਬੱਸ ਨਹੀਂ ਰੁਕਦੀ ਤਾਂ ਡਰਾਇਵਰ ਤੇ ਕੰਡਕਟਰ ਜਿੰਮੇਵਾਰ ਹੋਣਗੇ।
ਸ੍ਰ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ‘ਚ ਕਿਸੇ ਅਫ਼ਸਰ ਤੋਂ ਕੋਈ ਵਗਾਰ ਨਹੀਂ ਲਈ ਜਾਵੇਗੀ ਇਸ ਲਈ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ ਤਾਂ ਕਿ ਲੋਕਾਂ ਵੱਲੋਂ ਸਰਕਾਰ ਉਪਰ ਪ੍ਰਗਟਾਇਆ ਵਿਸ਼ਵਾਸ਼ ਬਹਾਲ ਰਹੇ। ਇਸ ਦੌਰਾਨ ਪੀ.ਆਰ.ਟੀ.ਸੀ. ਵਿਖੇ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 25 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪਦੇ ਹੋਏ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦਾ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੁਨੇਹਾ ਵੀ ਦਿੱਤਾ। ਪਹਿਲੀ ਵਾਰ ਪੀ.ਆਰ.ਟੀ.ਸੀ. ਦਫ਼ਤਰ ਪੁੱਜਣ ‘ਤੇ ਅਦਾਰੇ ਵੱਲੋਂ ਐਮ.ਡੀ. ਪਰਨੀਤ ਸ਼ੇਰਗਿੱਲ ਨੇ ਸ. ਭੁੱਲਰ ਨੂੰ ਸਨਮਾਨਤ ਵੀ ਕੀਤਾ।
ਇਸ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਸਮਾਣਾ ਤੋਂ ਵਿਧਾਇਕ ਸ੍ਰ. ਚੇਤਨ ਸਿੰਘ ਜੌੜੇਮਾਜਰਾ, ਘਨੌਰ ਤੋਂ ਵਿਧਾਇਕ ਸ੍ਰ. ਗੁਰਲਾਲ ਘਨੌਰ, ਨਾਭਾ ਦੇ ਵਿਧਾਇਕ ਸ੍ਰ. ਗੁਰਦੇਵ ਸਿੰਘ ਦੇਵ ਮਾਨ ਸਮੇਤ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ, ਐਸ.ਡੀ.ਐਮ. ਚਰਨਜੀਤ ਸਿੰਘ, ਐਸ.ਪੀ. ਸਿਟੀ ਹਰਪਾਲ ਸਿੰਘ ਨੇ ਟਰਾਂਸਪੋਰਟ ਮੰਤਰੀ ਸ. ਭੁੱਲਰ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕੀਤਾ। ਇਸ ਮੌਕੇ ਸ੍ਰ. ਭੁੱਲਰ ਨੂੰ ਗਾਰਡ ਆਫ਼ ਆਨਰ ਵੀ ਭੇਟ ਕੀਤਾ ਗਿਆ। ਪੀ.ਆਰ.ਟੀ.ਸੀ. ਵਿਖੇ ਮੀਟਿੰਗ ‘ਚ ਮੰਤਰੀ ਸ੍ਰ. ਭੁੱਲਰ ਦੇ ਓ.ਐਸ.ਡੀ. ਸੰਦੀਪ ਪੁਰੀ ਤੋਂ ਇਲਾਵਾ ਜੀਐਮ ਸੁਰਿੰਦਰ ਸਿੰਘ, ਮਨਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਗਰੇਵਾਲ, ਬੁਢਲਾਡਾ ਤੇ ਕਪੂਰਥਲਾ ਡਿਪੂਆਂ ਦੇ ਜੀ.ਐਮਜ ਪ੍ਰਵੀਨ ਕੁਮਾਰ, ਅਮਰਵੀਰ ਟਿਵਾਣਾ ਤੇ ਡੀ.ਸੀ.ਐਫ.ਏ. ਪ੍ਰੇਮ ਲਾਲ ਵੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button