ਭਾਖੜਾ ਵਿਵਾਦ ’ਤੇ ਚੰਨੀ ਤੇ ਕੇਜਰੀਵਾਲ ਨੇ ਕੇਂਦਰ ਅੱਗੇ ਗੋਡੇ ਟੇਕੇ

2 ਮਾਰਚ (ਪਟਿਆਲਾ)
ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਘਨੌਰ ਦੇ ਉਮੀਦਵਾਰ ਪ੍ਰੋ. ਚੰਦੂਮਾਜਰਾ ਦੀ ਅਗਵਾਈ ’ਚ ਬਟਾਲਾ ਦੇ ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਲੋਧੀਨੰਗਲ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ’ਚ ਨਜ਼ਰਬੰਦ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਿਆਸੀ ਕਿੱੜ ਕੱਢਣ ਅਤੇ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਮਜੀਠੀਆ ਖਿਲਾਫ਼ ਕਾਰਵਾਈ ਕੀਤੀ, ਜਿਸ ਦਾ ਸ਼ੋ੍ਰਮਣੀ ਅਕਾਲੀ ਦਲ ਸਖਤ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਨੇ ਜਿਹੜੀ ਸਿਆਸੀ ਬਦਲਾਖੋਰੀ ਵਾਲੀ ਭਾਵਨਾ ਉਜਾਗਰ ਕੀਤੀ ਹੈ ਉਹ ਸਿਆਸੀ ਭਾਈਚਾਰੇ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸ ਹੱਦ ਤੱਕ ਜਾਣਾ ਕਦਾਚਿੱਤ ਉਚਿਤ ਨਹੀਂ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਜੇਲ੍ਹਾਂ ’ਚ ਡੱਕੇ ਜਾਣ ਤੋਂ ਨਾ ਡਰਿਆ ਅਤੇ ਨਾ ਡਰੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅਕਾਲੀਆਂ ਨੂੰ ਡਰਾ ਨਹੀਂ ਸਕਦੀਆਂ ਅਤੇ ਨਾ ਹੀ ਜੇਲ੍ਹਾਂ ਦਾ ਅਕਾਲੀਆਂ ’ਤੇ ਕੋਈ ਅਸਰ ਹੈ।
ਇਕ ਸਵਾਲ ਦੇ ਜਵਾਬ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨੁਮਾਇੰਦਗੀ ਖੋਹਣਾ ਕੇਂਦਰ ਦਾ ਫੈਡਰਲ ਢਾਂਚੇ ਖਿਲਾਫ਼ ਕਦਮ ਹੈ ਅਤੇ ਅਜਿਹੇ ਮਾੜੇ ਮਨਸੂਬੇ ਰੱਖਣ ਵਾਲੀ ਕੇਂਦਰ ਸਰਕਾਰ ਨੂੰ ਰੋਕਣਾ ਅੱਜ ਹਰ ਸਿਆਸਤਦਾਨ ਦਾ ਅਹਿਮ ਕਰਤੱਵ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਦਾ ਪਾਣੀ ਅਤੇ ਰਾਜਧਾਨੀ ਨੂੰ ਖੋਹਿਆ ਗਿਆ ਅਤੇ ਹੁਣ ਕਾਨੂੰਨ ਛਿੱਕੇ ਟੰਗ ਕੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨਾ ਵਾਜਿਬ ਨਹੀਂ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਦਾ ਰਾਜਾਂ ਦੇ ਅਧਿਕਾਰ ਖੋਹਣਾ ਵਾਲਾ ਕਦਮ ਬੇਹੱਦ ਘਾਤਕ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦਾ ਹਿੱਸਾ ਪੰਜਾਬ ਦਾ ਬਣਦਾ ਹੈ ਅਤੇ ਜਾਣ ਬੁੱਝ ਕੇ ਪੰਜਾਬ ਦੇ ਹਿੱਸੇ ਨੂੰ ਹਿਮਾਚਲ ਦਾ ਦਰਸਾਕੇ ਸੂਬਾਈ ਅਧਿਕਾਰ ਨੂੰ ਖੋਹਣਾ ਸੂਬੇ ਦੇ ਅਧਿਕਾਰਾਂ ਵਿਚ ਸਿੱਧੀ ਦਖਲਅੰਦਾਜ਼ੀ ਹੈ ਅਤੇ ਫੈਡਰਲ ਨੂੰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਧੱਕੇ ਖਿਲਾਫ਼ ਪੰਜਾਬ ਦੇ ਸਾਰੀਆਂ ਸਿਆਸੀ ਧਿਰਾਂ ਨੂੰ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਨੂੰ ਮੁਲਾਕਾਤ ਕਰਨ ਮੌਕੇ ਇਕ ਸਾਂਝੇ ਪਲੇਟਫਾਰਮ ਸਿਰਜਿਆ ਜਾਣਾ ਚਾਹੀਦਾ। ਪ੍ਰੋ. ਚੰਦੂਮਾਜਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਪੰਜਾਬ ਆ ਕੇ ਕੇਜਰੀਵਾਲ ਇਕ ਮੋਕਾ ਲੈਣ ਦੀ ਗੱਲ ਤਾਂ ਕਰਦਾ ਹੈ, ਪ੍ਰੰਤੂ ਪੰਜਾਬ ਦੇ ਅਧਿਕਾਰ ਖੋਹੇ ਜਾਣ ’ਤੇ ਚੁੱਪ ਕਿਉਂ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕੇਜਰੀਵਾਲ ਦਾ ਸੂਬੇ ਦੇ ਅਧਿਕਾਰ ਖੋਹੇ ਜਾਣ ਵਿਰੁੱਧ ਚੁੱਪ ਰਹਿਣਾ ਸਪੱਸ਼ਟ ਕਰਦਾ ਹੈ ਕਿ ਕੇਂਦਰ ਅੱਗੇ ਦੋਵਾਂ ਲੀਡਰਾਂ ਨੇ ਗੋਡੇ ਟੇਕ ਦਿੱਤੇ ਹਨ।
ਇਸ ਮੌਕੇ ਹਲਕਾ ਮਲੇਰਕੋਟਲਾ ਤੋਂ ਉਮੀਦਵਾਰ ਨੁਸਰਤ ਅਲੀ ਬੱਗੇ ਖਾਂ,ਹਲਕਾ ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ, ਹਲਕਾ ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿੱਟੂ ਚੱਠਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸੇਖੂਪੁਰ, ਜਸਬੀਰ ਸਿੰਘ ਲੌਟ, ਗੁਰਦੀਪ ਸਿੰਘ ਸ਼ੇਖੂਪੁਰਾ, ਸਤਨਾਮ ਸਿੰਘ ਆਕੜ, ਫੌਜੀ ਨਰੰਜਣ ਸਿੰਘ,ਹਰਵਿੰਦਰ ਸਿੰਘ ਜੱਸੋਵਾਲ,ਸੁਰਜੀਤ ਸਿੰਘ ਚਰਾਸੋਂ,ਬਿੱਟੂ ਸਿੰਘ ਘਨੌਰ, ਗੁਰਦੀਪ ਸਿੰਘ ਕਾਮੀਕਲਾਂ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਸੁਖਵਿੰਦਰਪਾਲ ਸਿੰਘ ਮਿੰਟਾ,ਸਤਨਾਮ ਸਿੰਘ ਆਕੜ,ਫੌਜੀ ਨਰੰਜਣ ਸਿੰਘ,ਹਰਵਿੰਦਰ ਸਿੰਘ ਜੱਸੋਵਾਲ,ਸੁਰਜੀਤ ਸਿੰਘ ਚਰਾਸੋਂ,ਬਿੱਟੂ ਸਿੰਘ ਘਨੌਰ,ਗੁਰਦੀਪ ਸਿੰਘ ਕਾਮੀਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਰੂਰ, ਬਰਨਾਲਾ, ਬਟਾਲਾ ਆਦਿ ਜਿਲ੍ਹਿਆਂ ਦੇ ਅਕਾਲੀ ਆਗੂ ਸਾਹਿਬਾਨ ਅਤੇ ਵਰਕਰ ਵੀ ਪੁੱਜੇ ਹੋਏ ਸਨ।