ਪ੍ਰੀ-ਲੋਕ ਅਦਾਲਤ ‘ਚ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਨੇ ਆਪਸੀ ਸਹਿਮਤੀ ਨਾਲ ਨਿਬੇੜੇ ਮਾਮਲੇ

ਪਟਿਆਲਾ, 4 ਮਾਰਚ:
ਪਟਿਆਲਾ ਵਿਖੇ 12 ਮਾਰਚ 2022 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਵੱਖ-ਵੱਖ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਪ੍ਰੀ-ਲੋਕ ਅਦਾਲਤਾਂ ਲਗਾ ਕੇ ਉਨ੍ਹਾਂ ਦੀ ਅਦਾਲਤ ਵਿੱਚ ਆਪਣੇ ਝਗੜਿਆਂ ਦੇ ਨਿਪਟਾਰੇ ਲਈ ਆਉਣ ਵਾਲੇ ਲੋਕਾਂ ਨੂੰ ਦੁਵੱਲੇ ਝਗੜੇ ਆਪਸੀ ਸਹਿਮਤੀ ਨਾਲ ਨਿਬੇੜਨ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਆਪਸੀ ਮਾਮਲਿਆਂ ਦਾ ਨਿਪਟਾਰਾ ਕਰਵਾਕੇ ਸਤੁੰਸ਼ਟ ਹੋਈਆਂ ਧਿਰਾਂ ਨੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਲੋਕ ਅਦਾਲਤ ਦਾ ਲਾਭ ਲੈਕੇ ਆਪਣੇ ਝਗੜਿਆਂ ਦਾ ਨਿਪਟਰਾ ਕਰਨ ਨੂੰ ਤਰਜੀਹ ਦੇਣ ਤਾਂ ਕਿ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਚ ਸਕੇ।
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸੜਕ ਹਾਦਸੇ ਦੇ ਚੱਲ ਰਹੇ ਕੇਸ ਰਾਜਵਿੰਦਰ ਕੌਰ ਬਨਾਮ ਗੁਰਜੰਟ ਸਿੰਘ ਅਤੇ ਗੁਰਬੱਬਰ ਸਿੰਘ ਬਨਾਮ ਗੁਰਜੰਟ ਸਿੰਘ, ਨੂੰ ਲੋਕ ਅਦਾਲਤ ‘ਚ ਲਾਉਣ ਤੋਂ ਪਹਿਲਾਂ ਪ੍ਰੀ ਲੋਕ ਅਦਾਲਤ ਰਾਹੀਂ ਨਿਪਟਾਅ ਦਿੱਤਾ। ਇਸ ‘ਚ ਕੇਸ ਕਰਨ ਵਾਲੀ ਧਿਰ ਨੂੰ ਬੀਮਾ ਕੰਪਨੀ ਵੱਲੋਂ ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ 11.5 ਲੱਖ ਰੁਪਏ ਅਤੇ ਜਖ਼ਮੀ ਹੋਣ ਵਾਲੇ ਨੂੰ 1 ਲੱਖ ਰੁਪਏ ਬੀਮਾ ਕੰਪਨੀ ਤੋਂ ਅਦਾਲਤ ਦੇ ਦਖਲ ਨਾਲ ਦਿਵਾਇਆ ਗਿਆ ਅਤੇ ਕੇਸ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਬਹੁਤ ਜਲਦੀ ਕਰਵਾ ਦਿੱਤਾ ਗਿਆ।
ਇਸ ਮਾਮਲੇ ‘ਚ ਮ੍ਰਿਤਕ ਦੇ ਪੁੱਤਰ ਅਵਤਾਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕ ਅਦਾਲਤ ਰਾਹੀਂ ਸਸਤਾ ਅਤੇ ਜਲਦੀ ਨਿਆਂ ਪ੍ਰਾਪਤ ਕਰਨ ਲਈ ਕੌਮੀ ਲੋਕ ਅਦਾਲਤ ‘ਚ ਆਪਣੇ ਕੇਸ ਲਗਵਾਉਣ। ਜਦੋਂਕਿ ਉਨ੍ਹਾਂ ਦੇ ਵਕੀਲ ਮਹੇਸ਼ ਕੁਮਾਰ ਨੇ ਵੀ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਲੋਕਾਂ ਨੂੰ ਬਹੁਤ ਜਲਦੀ ਨਿਆਂ ਪ੍ਰਾਪਤ ਹੁੰਦਾ ਹੈ।
ਇਸੇ ਤਰ੍ਹਾਂ ਹੀ ਚੈਕ ਬਾਊਂਸ ਦੇ ਇੱਕ ਵੱਖਰੇ ਮਾਮਲੇ ‘ਚ ਆਪਣੇ ਕੇਸ ਦਾ ਨਿਪਟਾਰਾ ਕਰਵਾਉਣ ਵਾਲੇ ਮਹਿੰਦਰਪਾਲ ਸਿੰਘ ਨੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਅਦਾਲਤ ਦਾ ਧੰਨਵਾਦ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਲੋਕ ਅਦਾਲਤ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਉਸ ਨੂੰ ਅਦਾਲਤ ਨੇ ਚੈਕ ਬਾਊਂਸ ਮਾਮਲੇ ‘ਚ ਉਸਦੇ 2 ਲੱਖ 10 ਹਜ਼ਾਰ ਰੁਪਏ ਦਿਵਾਏ ਹਨ, ਜਿਸ ਤੋਂ ਉਹ ਸੰਤੁਸ਼ਟ ਹੈ।
ਇਸੇ ਦੌਰਾਨ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਪਰਮਿੰਦਰ ਕੌਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਕਜਾਰੀ ਚੇਅਰਮੈਨ ਜਸਟਿਸ ਅਜੇ ਤਿਵਾੜੀ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ ਪਟਿਆਲਾ ਵਿਖੇ 12 ਮਾਰਚ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਰਾਜ਼ੀਨਾਮਾ ਯੋਗ ਅਤੇ ਗ਼ੈਰ ਅਪਰਾਧਕ ਮਾਮਲਿਆਂ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਇਸ ਕੌਮੀ ਲੋਕ ਅਦਾਲਤ ‘ਚ ਲੋਕਾਂ ਨੂੰ ਆਪਣੇ ਦਿਵਾਨੀ, ਮਾਲੀ ਤੇ ਗ਼ੈਰ ਅਪਰਾਧਕ ਅਤੇ ਰਾਜੀਨਾਮੇ ਯੋਗ ਮਾਮਲੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਦਾ ਸੱਦਾ ਦਿੱਤਾ।