Punjab-ChandigarhTop News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾਂ ਵਿਖੇ ਲੱਗੇ ਜਨ ਸੁਵਿਧਾ ਕੈਂਪ ‘ਚ ਐਮ.ਐਲ.ਏ. ਘਨੌਰ ਤੇ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਮੂਲੀਅਤ

ਸ਼ੰਭੂ/ਰਾਜਪੁਰਾ/ਪਟਿਆਲਾ, 14 ਜੂਨ:
  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਯੋਗ ਲਾਭਪਾਤਰੀ ਤੱਕ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਸ਼ੁਰੂ ਕੀਤੇ ਗਏ ਜਨ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਅੱਜ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾਂ ‘ਚ ਹਲਕੇ ਦਾ ਤੀਜਾ ਜਨ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ‘ਚ ਘਨੌਰ ਹਲਕੇ ਦੇ ਐਮ.ਐਲ.ਏ. ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਕੈਂਪ ‘ਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ।
  ਕੈਂਪ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕੇ ‘ਚ ਅੱਜ ਤੀਜਾ ਜਨ ਸੁਵਿਧਾ ਕੈਂਪ ਲਗਾਇਆ ਗਿਆ ਹੈ ਅਤੇ ਹੁਣ ਇਨ੍ਹਾਂ ਕੈਂਪਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਐਮ.ਐਲ.ਏ. ਦੇ ਘਰ ਜਾਣਾ ਪੈਂਦਾ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੁਦ ਲੋਕਾਂ ਤੱਕ ਪਹੁੰਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪ ‘ਚ ਇਲਾਕਾ ਨਿਵਾਸੀਆਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇੱਕ ਛੱਤ ਥੱਲੇ ਉਪਲਬਧ ਕਰਵਾਈਆਂ ਗਈਆਂ ਹਨ।
  ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪਹਿਲੀ ਤਰਜੀਹ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਸਭ ਤੋਂ ਪਹਿਲਾਂ ਮੁਹੱਈਆ ਕਰਵਾਈਆਂ ਜਾਣ ਇਸ ਲਈ ਮਾਲ ਵਿਭਾਗ ਸਬੰਧੀ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਪਿਛਲੇ ਦਿਨੀਂ ਹਲਕੇ ‘ਚ ਪਟਵਾਰੀਆਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਤੇ ਲੋਕਾਂ ਦੀ ਸਮੱਸਿਆਵਾਂ ਦੇ ਹੱਲ ਲਈ ਮਾਲ ਸੁਵਿਧਾ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਮਹੀਨੇ ਲੱਗਣ ਵਾਲੇ ਜਨ ਸੁਵਿਧਾ ਕੈਂਪਾਂ ‘ਚ ਸ਼ਮੂਲੀਅਤ ਕਰਕੇ ਸਰਕਾਰੀ ਸਕੀਮਾਂ ਦਾ ਲਾਭ ਉਠਾਇਆ ਜਾਵੇ।
  ਕੈਂਪ ‘ਚ ਪੁੱਜੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹਰੇਕ ਮਹੀਨੇ ਦੀ 14 ਤਾਰੀਖ ਨੂੰ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੇ ਨਾਲ ਮਿਲਕੇ ਹਰੇਕ ਵਿਧਾਨ ਸਭਾ ਹਲਕੇ ‘ਚ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਾਰੇ ਸਰਕਾਰੀ ਵਿਭਾਗ ਜਨ ਸੁਵਿਧਾ ਕੈਂਪ ਰਾਹੀਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਹਰੇਕ ਯੋਗ ਨਾਗਰਿਕ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪੁੱਜਦਾ ਕਰਨਾ ਹੈ, ਜਿਸ ‘ਚ ਖੇਤੀਬਾੜੀ ਵਿਭਾਗ, ਮੱਛੀ ਪਾਲਣ, ਦਿਵਿਆਂਗਤਾ ਸਰਟੀਫਿਕੇਟ, ਜਾਬ ਕਾਰਡ ਸਮੇਤ ਹਰੇਕ ਸੇਵਾ ਜੋ ਸਿੱਧੇ ਤੌਰ ‘ਤੇ ਲੋਕਾਂ ਨਾਲ ਸਬੰਧ ਰੱਖਦੀ ਹੈ ਇਥੇ ਦਿੱਤੀ ਜਾ ਰਹੀ ਹੈ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਸੂਬੇ ਦਾ ਪਹਿਲਾਂ ਜ਼ਿਲ੍ਹਾ ਹੈ ਜਿਥੇ ਕਲੱਸਟਰ ਬਣਾਕੇ ਲੋਕਾਂ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਹਨ।

Spread the love

Leave a Reply

Your email address will not be published. Required fields are marked *

Back to top button