Punjab-Chandigarh

ਪ੍ਰੋ. ਚੰਦੂਮਾਜਰਾ ਹੀ ਹਲਕੇ ਦੀ ਨਹਿਰੀ ਪਾਣੀ ਦੀ ਸਮੱਸਿਆ ਦਾ ਹੱਲ ਕੱਢਣ ਦੇ ਸਮਰੱਥ : ਅਨੁ ਰੰਧਾਵਾ

23 ਜਨਵਰੀ ( ਘਨੌਰ ) : ਹਲਕੇ ਵਿਚਲੀ ਨਹਿਰੀ ਪਾਣੀ ਦੀ ਸਮੱਸਿਆ ਦਾ ਹੱਲ ਉਹ ਹੀ ਸਖਸ਼ ਕੱਢ ਸਕਦੈ ਜੋ ਪੜ੍ਹਿਆ ਲਿਖਿਆ, ਸੂਝਵਾਨ, ਇਮਾਨਦਾਰ ਅਤੇ ਸਰਕਾਰੀ ਸਿਸਟਮ ਦੀ ਸਮਝ ਦੇ ਨਾਲ ਨਾਲ ਉਕਤ ਸਮੱਸਿਆ ਦੇ ਹੱਲ ਲਈ ਇੱਛਾ ਸ਼ਕਤੀ ਰੱਖਦਾ ਹੋਵੇ। ਪ੍ਰੋ. ਚੰਦੂਮਾਜਰਾ ਇਕੋ ਇਕ ਅਜਿਹੇ ਆਗੂ ਹਨ ਜੋ ਹਲਕੇ ਦੀ ਇਸ ਸਮੱਸਿਆ ਦਾ  ਪੂਰਨ ਤੌਰ ’ਤੇ ਹੱਲ ਕੱਢਣ ’ਚ ਸਮਰੱਥ ਹਨ, ਜਿਨ੍ਹਾਂ ਨੂੰ ਜਿਤਾਉਣ ਦੇ ਨਾਲ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ਵਿਚ ਇਸ ਹਲਕੇ ਦੀ ਲੰਮੇਂ ਸਮੇਂ ਤੋਂ ਲਟਕਦੀ ਮੰਗ ਦਾ ਢੁਕਵਾਂ ਹੱਲ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਚੁੱਕੀ ਅਤੇ ਸਾਬਕਾ ਕੈਬਨਿਟ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਪੁੱਤਰੀ ਅਨੁ ਰੰਧਾਵਾ ਨੇ ਪ੍ਰੋ. ਚੰਦੂਮਾਜਰਾ ਦੇ ਹੱਕ ’ਚ ਪਿੰਡ ਲਾਛੜੂ, ਕਾਮੀ, ਬਘੌਰਾ ਆਦਿ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਬੀਬਾ ਅਨੁ ਰੰਧਾਵਾ ਨੇ ਆਖਿਆ ਕਿ ਹਲਕਾ ਘਨੌਰ ਦੀ ਖੁਸ਼ਕਿਸਮਤੀ ਹੈ ਕਿ ਪ੍ਰੋ. ਚੰਦੂਮਾਜਰਾ ਇਕੋ ਇਕ ਅਜਿਹੇ ਲੀਡਰ ਹਨ ਜੋ ਜਿੱਤ ਪ੍ਰਾਪਤ ਕਰਕੇ ਮੇਰੇ ਸਵਰਗੀ ਪਿਤਾ ਵਲੋਂ ਹਲਕਾ ਘਨੌਰ ਨੂੰ ਵਿਕਾਸ ਦੀ ਬਰੂਹਾਂ ’ਤੇ ਲਿਜਾਣ ਦੇ ਦੇਖੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮਰੱਥ ਹਨ। ਪ੍ਰੋ. ਚੰਦੂਮਾਜਰਾ ਦੀ ਕੰਮ ਕਰਨ ਦੀ ਇੱਛਾ ਸ਼ਕਤੀ ਅਤੇ ਸਰਕਾਰ ਤੋਂ ਕੰਮ ਲੈਣ ਦੀ ਸਮਰੱਥਾ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਹਲਕੇ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਕੇ ਪ੍ਰੋ. ਚੰਦੂਮਾਜਰਾ ਇਕ ਮਿਸਾਲ ਕਾਇਮ ਕਰਨਗੇ, ਜਿਸ ਬਾਰੇ ਹੁਣ ਤੱਕ ਕਿਸੇ ਵਿਧਾਇਕ ਨੇ ਸੋਚਿਆ ਵੀ ਨਹੀਂ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਵਾਸੀਆਂ ਕੋਲ ਇਸ ਵਾਰ ਚੰਗਾ ਮੌਕਾ ਹੈ, ਜੋ ਪ੍ਰੋ. ਚੰਦੂਮਾਜਰਾ ਵਰਗਾ ਹੰਢਿਆ ਵਰਤਿਆ ਆਗੂ ਅਕਾਲੀ ਦਲ ਨੇ ਚੋਣ ਮੈਦਾਨ ਵਿਚ ਉਤਾਰਿਆ ਹੈ, ਇਸ ਮੌਕੇ ਦਾ ਲਾਭ ਲੈਣ ਲਈ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਪ੍ਰੋ. ਚੰਦੂਮਾਜਰਾ ਨੂੰ ਜਿਤਾ ਕੇ ਹਲਕੇ ਦੀ ਨੁਮਾਇੰਦਗੀ ਲਈ ਵਿਧਾਨ ਸਭਾ ’ਚ ਭੇਜਣ ਤਾਂਕਿ ਹਲਕੇ ਦੀਆਂ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।
ਇਸ ਮੌਕੇ ਪ੍ਰੋ .ਚੰਦੂਮਾਜਰਾ ਨੇ ਇਸ ਮੌਕੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ’ਚ ਹਲਕੇ ਦੀ ਨਹਿਰੀ ਪਾਣੀ ਦੀ ਸਮੱਸਿਆ ਦੇ ਹੱਲ ਦੇ ਨਾਲ ਨਾਲ ਘਨੌਰ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਤਹਿਸੀਲ ਦਾ ਦਰਜਾ ਦਿਵਾ ਕੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣਗੇ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕ ਇਕ ਮਹੀਨਾ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਣ, ਉਸਤੋਂ ਬਾਅਦ ਪੰਜ ਸਾਲ ਹਲਕੇ ਦੀ ਸਮੱਸਿਆਵਾਂ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਮੇਰੀ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਕੰਵਲਜੀਤ ਸਿੰਘ ਢੰਡਾ, ਜਸਵਿੰਦਰ ਸਿੰਘ ਬੰਬੀ, ਬਲਦੇਵ ਸਿੰਘ ਮਹਿਰਾ, ਜੰਗ ਸਿੰਘ ਰੁੜਕਾ, ਭੁਪਿੰਦਰ ਸਿੰਘ ਸ਼ੇਖੂਪੁਰ, ਬਿਟੂ ਘਨੌਰ, ਜਸਬੀਰ ਸਿੰਘ ਬਘੌਰਾ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button