ਬਿਜਲੀ ਕਾਮੇ 17 ਮਈ ਦੀ ਥਾਂ 25 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣਗੇ ?
Harpreet Kaur ( TMT)
ਪਟਿਆਲਾ : ਮਿਤੀ 15—05—2023 :
ਪੰਜਾਬ ਦੇ ਸਮੁੱਚੇ ਬਿਜਲੀ ਕਾਮੇ 17 ਮਈ ਦੀ ਥਾਂ 25 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣਗੇ। ਇਹ ਫੈਸਲਾ ਸਾਥੀ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ, ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਕੁਲਵਿਦੰਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਮੱਢਾਲੀ, ਜਗਰੂਪ ਸਿੰਘ ਮਹਿਮਦਪੁਰ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਰਘਵੀਰ ਸਿੰਘ, ਕੌਰ ਸਿੰਘ ਸੋਹੀ, ਲਖਵਿੰਦਰ ਸਿੰਘ, ਸਿਕੰਦਰ ਨਾਥ, ਸਰਬਜੀਤ ਸਿੰਘ ਭਾਣਾ, ਲਖਵੰਤ ਸਿੰਘ ਦਿਓਲ ਨੇ ਦੱਸਿਆ ਕਿ ਪਾਵਰਕਾਮ ਅਤੇ ਟਰਾਂਸਕੋ ਦੀਆਂ ਮੈਨੇਜਮੈਂਟਾਂ ਮੁਲਾਜਮ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਲਗਾਤਾਰ ਟਾਲ ਮਟੋਲ ਕਰ ਰਹੀਆਂ ਹਨ। ਮੈਨੇਜਮੈਂਟ ਨੇ 28 ਅਪ੍ਰੈਲ ਨੂੰ ਜੁਆਇੰਟ ਫੋਰਮ ਨੂੰ ਮੁਲਾਜਮ ਮਸਲਿਆਂ ਸਬੰਧੀ ਦਿੱਤੀ ਮੀਟਿੰਗ ਰੱਦ ਕਰ ਦਿੱਤੀ ਹੈ ਅਤੇ ਹੁਣ 18—05—2023 ਨੂੰ ਮੀਟਿੰਗ ਦਿੱਤੀ ਹੈ, ਜਿਸ ਤੇ ਰੋਸ ਪ੍ਰਗਟ ਕਰਦਿਆਂ ਜੁਆਇੰਟ ਫੋਰਮ ਨੇ ਕਿਹਾ ਕਿ ਮੈਨੇਜਮੈਂਟ ਮਸਲੇ ਹੱਲ ਕੀਤੇ ਬਗੈਰ ਡੰਗ ਟਪਾਉਣਾ ਚਾਹੁੰਦੀ ਹੈ। ਮੁਲਾਜਮ ਮਸਲੇ ਜਿਵੇਂ ਪੇ ਕਮਿਸ਼ਨ ਵਲੋਂ ਮੁਲਾਜਮਾਂ ਨੂੰ ਸੋਧੇ ਪੇਅ ਸਕੇਲ ਦੇਣ, ਤਨਖਾਹਾਂ ਸਕੇਲਾਂ ਦੀਆਂ ਅਨਾਮਲੀਜ਼ ਦੂਰ ਕਰਨ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜਥੇਬੰਦੀ ਨੂੰ ਨੁਮਾਇੰਦਗੀ ਦੇਣਾ, ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜਮਾਂ ਨੂੰ ਪੂਰਾ ਤਨਖਾਹ ਸਕੇਲ ਦੇਣ, ਸੀ.ਆਰ.ਏ. 259/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਖਿਲਾਫ ਦਰਜ ਕੇਸ ਵਾਪਸ ਲੈਣ, ਉਹਨਾਂ ਨੂੰ ਇਨਕੁਆਰੀ ਦੇ ਨਾਮ ਤੇ ਤੰਗ ਪ੍ਰੇਸ਼ਾਨ ਕਰਨ, ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਇਆ ਦੇਣ, ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ ਕਰਨ, ਧੱਕੇ ਨਾਲ ਮੋਬਾਇਲ ਅਲਾਊਂਸ ਬੰਦ ਕਰਕੇ ਜੀਓ ਦੇ ਸਿੰਮ ਦੇਣਾ, ਕੱਚੇ ਕਾਮੇ, ਪੀ.ਟੀ.ਐਸ., ਮੀਟਰ ਰੀਡਰ, ਬਿਲ ਵੰਡਕ, ਸੀ.ਐਚ.ਵੀ. ਆਦਿ ਪੱਕੇ ਕਰਨ ਸਮੇਤ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਨੇ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਮੈਨੇਜਮੈਂਟਾਂ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਮੁਲਾਜਮਾਂ ਤੋਂ ਅਣਉਚਿਤ ਡਿਊਟੀਆਂ ਲੈ ਕੇ ਵਿੱਤੀ ਲਾਭ ਦੇਣ ਤੋਂ ਇਨਕਾਰੀ ਹਨ। ਗਰਿਡ ਸਬ ਸਟੇਸ਼ਨਾਂ ਅਤੇ ਮੁਲਾਜਮਾਂ ਦੀ ਸੁਰੱਖਿਆ ਕਰਨ ਵਿੱਚ ਕੁਤਾਹੀ ਕਰ ਰਹੀਆਂ ਹਨ। ਰਹਿੰਦੀਆਂ ਕੈਟੇਗਰੀਆਂ ਓ.ਸੀ., ਆਰ.ਟੀ.ਐਮ. ਆਦਿ ਨੂੰ ਪੇ ਬੈਂਡ ਵਿੱਚ ਵਾਧਾ ਦੇਣ ਅਤੇ ਸੇਵਾ ਮੁਕਤ ਮੁਲਾਜਮਾਂ ਸਮੇਤ ਰੈਗੂਲਰ ਮੁਲਾਜਮਾਂ ਦੇ ਬਣਦੇ ਲਾਭ ਦੇਣ ਤੋਂ ਆਨਾਕਾਰੀ ਕਰ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਮੁਲਾਜਮਾਂ ਤੋਂ ਵਾਧੂ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਕਾਮਿਆਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਦੇ ਰਾਹ ਤੇ ਹਨ। ਜਿਸ ਅਨੁਸਾਰ ਉਹ ਪਹਿਲੀ ਦਿੱਤਾ ਸੰਘਰਸ਼ ਪ੍ਰੋਗਰਾਮ ਲਾਗੂ ਕਰਦੇ ਹੋਏ ਜਿਵੇਂ 31—05—2023 ਤੱਕ ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। ਜੂਨ 2023 ਵਿੱਚ ਪੈਂਡੀ ਸੀਜਨ ਸ਼ੁਰੂ ਹੋਣ ਵਾਲੇ ਦਿਨ ਸੂਬਾ ਪੱਧਰ ਤੇ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ। 25 ਮਈ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜੰਡਿਆਲਾ ਗੁਰੂ ਦੀ ਥਾਂ ਨਿਊ ਅੰਮ੍ਰਿਤਸਰ—ਏ ਬਲਾਕ ਜਲੰਧਰ ਰੋਡ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਦੇ ਨਾਂ ਵਿਧਾਇਕਾਂ ਅਤੇ ਮੰਤਰੀਆਂ ਰਾਹੀਂ ਮੈਮੋਰੰਡਮ ਦੇਣੇ ਜਾਰੀ ਰਹਿਣਗੇ। ਇਹ ਜਾਣਕਾਰੀ ਸਾਥੀ ਕਰਮਚੰਦ ਭਾਰਦਵਾਜ ਨੇ ਦਿੰਦਿਆ ਦੱਸਿਆ ਕਿ ਜੇਕਰ ਫਿਰ ਵੀ ਮਸਲੇ ਹੱਲ ਨਾਂ ਹੋਏ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।