ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ – ਸੁਖਜਿੰਦਰ ਰੰਧਾਵਾ
ਮੋਹਾਲੀ/ਪਟਿਆਲਾ – ਬਲਜੀਤ ਸਿੰਘ ਕੰਬੋਜ
ਬਹੁਚਰਚਿਤ ਡਰਗਜ਼ ਕੇਸ ਵਿੱਚ ਫਸੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਜੀਠੀਆ ਦੀ ਗ੍ਰਿਫਤਾਰੀ ਤੇ ਸੁਪਰੀਮ ਕੋਰਟ ਵਲੋਂ 23 ਮਾਰਚ ਤੱਕ ਰੋਕ ਲਗਾਈ ਗਈ ਸੀ ਅਤੇ ਉਹਨਾਂ ਅੱਜ ਮੋਹਾਲੀ ਕੋਰਟ ਵਿੱਚ ਸਰੰਡਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਵਿੱਚ ਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਮਜੀਠੀਆ ਤੋਂ ਪੁੱਛ ਗਿੱਛ ਕੀਤੀ। ਐਸਆਈਟੀ ਵਲੋਂ ਏ ਆਈ ਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਮਜੀਠੀਆ ਤੋਂ ਡੇਢ ਘੰਟਾ ਪੁਛਗਿੱਛ ਕੀਤੀ ਗਈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿੱਚ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸੁਖਬੀਰ ਬਾਦਲ ਦੇ ਨੇੜਲੇ ਰਿਸ਼ਤੇਦਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮਜੀਤ ਮਜੀਠੀਆ ਦੇ ਖਿਲਾਫ ਮੋਹਾਲੀ ਦੀ ਕ੍ਰਾਈਮ ਬਰਾਂਚ ਵਿੱਚ ਇੰਟਰਨੈਸ਼ਨਲ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੋਣ ਦੇ ਆਰੋਪ ਦਾ ਕੇਸ ਦਰਜ਼ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਉਹਨਾਂ ਵਲੋਂ ਮੋਹਾਲੀ ਦੀ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਦਿੱਤੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਹ ਕੁਝ ਦਿਨ ਰੂਪੋਸ਼ ਵੀ ਰਹੇ ਅਤੇ ਉਹਨਾਂ ਨੂੰ ਹਾਈਕੋਰਟ ਵਲੋਂ ਕੁੱਝ ਦਿਨਾਂ ਦੀ ਰਾਹਤ ਵੀ ਮਿਲ ਗਈ ਸੀ। ਪਰੰਤੂ ਉਸ ਤੋਂ ਬਾਅਦ ਹਾਈਕੋਰਟ ਵਿਚੋਂ ਅਰਜ਼ੀ ਖਾਰਜ ਹੋ ਜਾਣ ਤੇ ਮਜੀਠੀਆ ਨੂੰ ਸੁਪਰੀਮ ਕੋਰਟ ਵਿੱਚ ਜਾਣਾ ਪਿਆ ਜਿੱਥੋਂ ਉਹਨਾਂ ਨੂੰ ਚੋਣਾਂ ਦੇ ਮੱਦੇਨਜ਼ਰ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੋਈ ਸੀ। ਹੁਣ ਉਹਨਾਂ ਦੀ ਜ਼ਮਾਨਤ ਤੇ ਕੱਲ੍ਹ ਸੁਣਵਾਈ ਹੋਣ ਦਾ ਸਮਾਚਾਰ ਹੈ।
ਅਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜੇ ਬਿਕਰਮ ਮਜੀਠੀਆ ਖਿਲਾਫ ਦਰਜ਼ ਹੋਏ ਇਸ ਕੇਸ ਨੂੰ ਅਕਾਲੀ ਦਲ ਵਲੋਂ ਜਿੱਥੇ ਸਿਆਸੀ ਬਦਲਾਖ਼ੋਰੀ ਦੱਸਿਆ ਜਾ ਰਿਹਾ ਹੈ ਓਥੇ ਹੀ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਦੇ ਜੇਲ੍ਹ ਜਾਣ ਤੇ ਕਿਹਾ ਕਿ ” ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ “।
ReplyForward |