Punjab-Chandigarh

ਵਾਤਾਵਰਣ ਦੀ ਸੰਭਾਲ ਲਈ ਹਰੇਕ ਵਿਅਕਤੀ ਦਾ ਯੋਗਦਾਨ ਜ਼ਰੂਰੀ : ਡਾ. ਅਕਸ਼ਿਤਾ ਗੁਪਤਾ

ਪਟਿਆਲਾ 5 ਜੂਨ:
ਨਗਰ ਨਿਗਮ ਪਟਿਆਲਾ ਵੱਲੋਂ ਅੱਜ ਇੱਥੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀ ਪੁੱਜੇ ਹੋਏ ਸਨ।
ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਦੀ ਅਗਵਾਈ ‘ਚ ਕਰਵਾਏ ਗਏ ਸਮਾਗਮ ਦੌਰਾਨ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ‘ਚ ਦੇਖਣ ‘ਚ ਆ ਰਿਹਾ ਹੈ ਕਿ ਮੌਸਮ ‘ਚ ਬੇਵਕਤੀ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਦਾ ਵੱਡਾ ਕਾਰਨ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਹੈ। ਉਨ੍ਹਾਂ ਅਪੀਲ ਕੀਤੀ ਕਿ ਅਜੋਕੇ ਦੌਰ ‘ਚ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਸਮਾਜ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨ ਪ੍ਰਤੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਹਰੇਕ ਵਿਅਕਤੀ ਦਾ ਯੋਗਦਾਨ ਜ਼ਰੂਰੀ ਹੈ।
ਇਸ ਮੌਕੇ ਸੁਯੰਕਤ ਕਮਿਸ਼ਨਰ ਨਗਰ ਨਿਗਮ ਨਮਨ ਮਾਰਕੰਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੌਜਵਾਨ ਪੀੜੀ ਵਾਤਾਵਰਨ ਪ੍ਰਤੀ ਸੁਚੇਤ ਹੋਵੇਗੀ ਤਾਂ ਹੀ ਇਸ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਇੱਕ ਬੂਟਾ ਲਾਵੇ ਤੇ ਉਸ ਦੀ ਦੇਖਭਾਲ ਵੀ ਕਰੇ ਤਾਂ ਜੋ ਅੱਗ ਲਗਾਏ ਬੂਟੇ ਦੀ ਛਾਂ ਥੱਲੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਬੈਠ ਸਕਣ। ਇਸ ਮੌਕੇ ਹਾਜਰੀਨ ਨੇ ਬੂਟੇ ਵੀ ਲਗਾਏ।
ਇਸ ਮੌਕੇ ਮਾਨਵ ਮੰਚ ਪਟਿਆਲਾ ਦੀ ਟੀਮ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਅਸੀਂ ਸਭ ਦੋਸ਼ੀ ਹਾਂ’ ਰਾਹੀਂ ਕੂੜੇ ਦੀ ਸਹੀ ਸੰਭਾਲ, ਪਲਾਸਿਟਕ ਮੁਕਤ ਵਾਤਾਵਰਣ ਤੇ ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ ਖਤਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਨਾਟਕ ‘ਚ ਜਸ਼ਨਪ੍ਰੀਤ ਤਾਣਾ, ਕਿਰਨ, ਸਿਮਰਤਰਾਜ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸੂਹਰੋਂ, ਮਨਿੰਦਰ ਸਿੰਘ ਤੇ ਰਿੱਕੀ ਨੇ ਵੱਖ-ਵੱਖ ਭੂਮਿਕਾਵਾਂ ਰਾਹੀਂ ਨਾਟਕ ਨੂੰ ਸਫਲ ਬਣਾ ਦਿੱਤਾ। ਨਾਟਕਵਾਲਾ ਗਰੁੱਪ ਵੱਲੋਂ ਨਿਰਦੇਸ਼ਕ ਰਾਜੇਸ਼ ਸ਼ਰਮਾ ਦੀ ਅਗਵਾਈ ‘ਚ ਨਾਟਕ ‘ਮਾਨਵ ਹੈ ਦਾਨਵ ਨਹੀਂ’ ਦਾ ਖੂਬਸੂਰਤ ਮੰਚਨ ਕੀਤਾ ਅਤੇ ਵਾਤਾਵਰਣ ਦੀ ਸੰਭਾਲ ਦਾ ਹੋਕਾ ਦਿੱਤਾ।
ਇਸ ਤੋਂ ਪਹਿਲਾ ਨੈਸ਼ਨਲ ਐਵਾਰਡੀ ਪ੍ਰਿੰ. ਤੋਤਾ ਸਿੰਘ ਚਹਿਲ ਨੇ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੀ ਬੇਲੋੜੀ ਵਰਤੋਂ ਸਬੰਧੀ ਸੁਚੇਤ ਕਰਨ ਵਾਲੇ ਵਿਚਾਰ ਪ੍ਰਗਟ ਕੀਤੇ। ਸ੍ਰੀ ਮੁਰਾਰੀ ਲਾਲ ਨੇ ਵਾਤਾਵਰਣ ‘ਚ ਆ ਰਹੀਆਂ ਤਬਦੀਲੀਆਂ ਨੂੰ ਰੋਕਣ ਲਈ ਸਾਂਝੇ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਗਮ ‘ਚ ਹਿੱਸਾ ਲੈਣ ਵਾਲੀਆਂ ਸ਼ਖਸ਼ੀਅਤਾਂ ਤੇ ਨਾਟਕ ਟੀਮਾਂ ਨੂੰ ਬੂਟਾ ਪ੍ਰਸ਼ਾਦ ਦਿੱਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕੁਸੁਮ ਲਤਾ ਸਮੇਤ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button