ਦੀਪ ਸਿੱਧੂ ਦਾ ਅੱਜ ਹੋਵੇਗਾ ਪੋਸਟਮਾਰਟਮ, ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰ

ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਹੈ। ਮੰਗਲਵਾਰ ਸ਼ਾਮ ਸੜਕ ਹਾਦਸੇ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਖਰਖੋਦਾ ਦੇ ਸੀਐੱਸਸੀ ਵਿੱਚ ਲਿਆਂਦਾ ਗਿਆ ਸੀ। ਪੋਸਟਮਾਰਟਮ ਸੋਨੀਪਤ ਦੇ ਸਿਵਲ ਹਸਪਤਾਲ ਵਿੱਚ ਕੀਤਾ ਜਾਵੇਗਾ।
ਸੋਨੀਪਤ ਪੁਲਿਸ ਬੁਲਾਰੇ ਜਗਜੀਤ ਸਿੰਘ ਨੇ ਦੀਪ ਸਿੱਧੂ ਦੀ ਹਾਦਸੇ ਵਿੱਚ ਹੋਈ ਮੌਤ ਦੀ ਪੁਸ਼ਟੀ ਕੀਤੀ।
1984 ਵਿੱਚ ਜੰਮੇ ਅਤੇ ਮੁਕਤਸਰ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ ਦੀਪ ਸਿੱਧੂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਸੀ।
ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਨਾਲ ਮਿਲ ਕੇ ਉਨ੍ਹਾਂ ਨੇ ‘ਦਿੱਲੀ ਚਲੋ’ ਦਾ ਹੋਕਾ ਵੀ ਦਿੱਤਾ ਸੀ। 26 ਜਨਵਰੀ 2021 ਨੂੰ ਲਾਲ ਕਿਲੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਉਨ੍ਹਾਂ ’ਤੇ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਹੋਇਆ ਸੀ। ਦੀਪ ਸਿੱਧੂ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਹੀਂ ਮੰਨਿਆ ਸੀ।
ਮੰਗਲਵਾਰ ਰਾਤ ਖਰਖੋਦਾ ਦੇ ਕਮਿਊਨਿਟੀ ਹੈਲਥ ਸੈਂਟਰ ਤਕਰੀਬਨ 9 ਵਜੇ ਇੱਕ ਐਂਬੂਲੈਂਸ ਵਿੱਚ ਦੀਪ ਸਿੱਧੂ ਨੂੰ ਲਿਆਂਦਾ ਗਿਆ ਅਤੇ ਕੁਝ ਮਿੰਟਾਂ ਬਾਅਦ ਦੂਸਰੀ ਐਂਬੂਲੈਂਸ ਵਿੱਚ ਉਨ੍ਹਾਂ ਦੇ ਮਹਿਲਾ ਸਾਥੀ ਆਏ।”ਡਾ. ਨਿਤਿਨ ਮੁਤਾਬਕ ਦੀਪ ਸਿੱਧੂ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੀ ਮਹਿਲਾ ਮਿੱਤਰ ਦੀ ਹਾਲਤ ਸਥਿਰ ਹੈ ਅਤੇ ਉਹ ਹਸਪਤਾਲ ਤੋਂ ਚਲੇ ਗਏ ਹਨ। ਵਿਦੇਸ਼ਾਂ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਜਾਣਕਾਰ ਵੀ ਵਾਰ-ਵਾਰ ਫੋਨ ਕਰ ਕੇ ਸਿੱਧੂ ਬਾਰੇ ਪੁੱਛ ਰਹੇ ਸਨ। ਤਕਰੀਬਨ ਰਾਤ ਬਾਰਾਂ ਵਜੇ ਉਨ੍ਹਾਂ ਦੇ ਭਰਾ ਮਨਦੀਪ ਸਿੱਧੂ ਖਰਖੋਦਾ ਪੁੱਜੇ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸੋਨੀਪਤ ਭੇਜਿਆ ਗਿਆ ਹੈ। ਦੁਰਘਟਨਾ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਦੋਸਤ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਖਰਖੌਦਾ ਅਤੇ ਸੋਨੀਪਤ ਪੁੱਜਣਾ ਸ਼ੁਰੂ ਹੋ ਗਏ ਸਨ।