Punjab-Chandigarh

ਕਾਗਜ਼ਾਂ ਚ ਕੈਪਟਨ, ਬਾਦਲ, ਸੁਖਬੀਰ ਤੇ ਹਰਸਿਮਰਤ ਤਿੰਨੇ ਪੈਦਲ ? 

( ਕੋਈ ਕਾਰ ਨਹੀਂ )

ਦੋਵਾਂ ਬਾਦਲਾਂ ਕੋਲ ਤਿੰਨ ਟਰੈਕਟਰ,

ਪਰਨੀਤ ਕੌਰ ਅਤੇ ਚੰਨੀ ਦੀ ਪਤਨੀ ਕੋਲ ਹਨ ਦੋ ਦੋ ਕਾਰਾਂ

ਪਟਿਆਲਾ — ਬਲਜੀਤ ਸਿੰਘ ਕੰਬੋਜ
ਪੰਜਾਬ ਵਿੱਚ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਸਮਾਪਤ ਹੋ ਚੁੱਕੀ ਹੈ। ਉਮੀਦਵਾਰਾਂ ਵਲੋਂ ਦਿੱਤੇ ਗਏ ਚਲ ਤੇ ਅਚਲ ਸੰਪਤੀਆਂ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਵੱਡੇ ਦਿੱਗਜ਼ ਲੀਡਰਾਂ ਵਿੱਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਕੋਈ ਵੀ ਆਪਣੀ ਕਾਰ ਨਹੀਂ ਹੈ।
ਸੰਪਤੀ ਦੇ ਵੇਰਵਿਆਂ ਅਨੁਸਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਜਾਇਦਾਦ ਵਿਚ ਤਕਰੀਬਨ 8 ਫੀਸਦੀ ਦਾ ਵਾਧਾ ਹੋਣ ਦੇ ਬਾਵਜੂਦ ਵੀ ਉਹਨਾਂ ਕੋਲ ਆਪਣੀ ਕੋਈ ਕਾਰ/ਗੱਡੀ ਨਹੀਂ ਹੈ। ਸੁਖਬੀਰ ਬਾਦਲ ਵਲੋਂ ਦਿੱਤੇ ਵੇਰਵੇ ਮੁਤਾਬਿਕ ਉਹਨਾਂ ਕੋਲ 78.15 ਕਰੋੜ ਅਤੇ ਉਹਨਾਂ ਦੀ ਧਰਮਪਤਨੀ  ਹਰਸਿਮਰਤ ਕੌਰ ਬਾਦਲ ਕੋਲ 44.63 ਕਰੋੜ ਦੀ ਸੰਪਤੀ ਹੈ। ਪੰਜ ਸਾਲ ਪਹਿਲਾਂ ਉਹਨਾਂ ਦੋਵਾਂ ਕੋਲ 102 ਕਰੋੜ ਦੀ ਜਾਇਦਾਦ ਸੀ ਜੋ ਵਧਕੇ ਹੁਣ 122 ਕਰੋੜ ਹੋ ਗਈ ਹੈ। ਸੁਖਬੀਰ ਬਾਦਲ ਦੀ ਇਕ ਦਿਨ ਦੀ ਕਮਾਈ ਕਰੀਬ 60 ਹਜ਼ਾਰ ਰੁਪਏ ਰੋਜ਼ਾਨਾ ਦੀ ਹੈ। ਪਰ ਉਹਨਾਂ ਕੋਲ ਫਿਰ ਵੀ ਕੋਈ ਕਾਰ ਵਗੈਰਾ ਨਹੀਂ ਹੈ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸੰਪਤੀ ਬੀਤੇ ਪੰਜ ਸਾਲਾਂ ਚ 56 ਫੀਸਦੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ ਵਿਚ ਕਰੀਬ ਸਵਾ ਚਾਰ ਫੀਸਦ ਦਾ ਵਾਧਾ ਹੋਇਆ ਹੈ। ਸੁਖਬੀਰ ਬਾਦਲ ਕੋਲ ਦੋ ਟਰੈਕਟਰ ਹਨ। ਅਤੇ ਉਹ 35.50 ਕਰੋੜ ਦੇ ਕਰਜਾਈ ਹਨ ਜਦਕਿ ਹਰਸਿਮਰਤ ਕੌਰ ਬਾਦਲ ਕੋਲ ਕੋਈ ਵਾਹਨ ਨਹੀਂ ਹੈ ਅਤੇ ਉਹਨਾਂ ਉੱਤੇ ਵੀ 2.12 ਕਰੋੜ ਦਾ ਕਰਜ਼ਾ ਹੈ। ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਸਿਰਫ਼ ਇਕ ਟਰੈਕਟਰ ਹੈ ਅਤੇ ਉਹ ਵੀ 2.74 ਕਰੋੜ ਦੇ ਕਰਜਾਈ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੀ ਕੋਈ ਕਾਰ ਨਹੀਂ ਹੈ ਪਰੰਤੂ ਉਹਨਾਂ ਦੀ ਧਰਮਪਤਨੀ ਪਰਨੀਤ ਕੌਰ ਕੋਲ ਦੋ ਕਾਰਾਂ ਹਨ। ਕੈਪਟਨ ਅਮਰਿੰਦਰ ਸਿੰਘ 24.53 ਕਰੋੜ ਦੇ ਕਰਜ਼ਦਾਰ ਹਨ ਅਤੇ ਪਰਨੀਤ ਕੌਰ ਉੱਪਰ ਵੀ 9 ਕਰੋੜ ਰੁਪਏ ਦਾ ਕਰਜ਼ਾ ਹੈ। ਜੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ਗਏ ਵੇਰਵੇ ਦੀ ਗੱਲ ਕਰੀਏ ਤਾਂ ਉਹ 6.17 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਉਹਨਾਂ ਕੋਲ ਇਕ ਕਾਰ ਤੇ 1.50 ਲੱਖ ਦੀ ਨਕਦੀ ਅਤੇ ਉਹਨਾਂ ਦੀ ਪਤਨੀ ਕੋਲ ਕਾਰਾਂ ਦੋ ਅਤੇ 50 ਹਜ਼ਾਰ ਰੁਪਏ ਨਕਦ ਹਨ। ਮੁੱਖ ਮੰਤਰੀ ਚੰਨੀ ਉੱਤੇ 63.30 ਲੱਖ ਅਤੇ ਉਹਨਾਂ ਦੀ ਪਤਨੀ ਉੱਪਰ 25.06 ਲੱਖ ਦਾ ਕਰਜ਼ ਹੈ।

Spread the love

Leave a Reply

Your email address will not be published. Required fields are marked *

Back to top button