Education

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ

ਪਟਿਆਲਾ: 21 ਫ਼ਰਵਰੀ, 2022
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ, ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ  ਵਿਸ਼ੇਸ਼  ਆਨਲਾਈਨ ਭਾਸ਼ਣ ਦਾ ਆਯੌਜਨ ਕੀਤਾ ਗਿਆ। ਇਸ ਭਾਸ਼ਣ ਲਈ ਮੁੱਖ ਵਕਤਾ ਵਜੋਂ ਡਾ. ਰਾਜਵਿੰਦਰ ਸਿੰਘ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਸਮੁੱਚੇ ਪ੍ਰੋਗਰਾਮ ਦੀ ਰੂਪਰੇਖਾ ਪ੍ਰਿੰਸੀਪਲ  ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਵਿਚ ਉਲੀਕੀ ਗਈ।
ਕਾਲਜ ਦੇ ਡੀਨ, ਵਿਦਿਆਰਥੀ ਭਲਾਈ, ਪ੍ਰੋ. ਵੇਦ ਪ੍ਰਕਾਸ ਸ਼ਰਮਾ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਅਧਿਆਪਕਾ ਅਤੇ ਵਿਦਿਆਰਥੀਆੰ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਮੌਕੇ ਮਾਤ ਭਾਸ਼ਾ ਨੂੰ ਸਮਰਪਿਤ ਇਕ ਕਵਿਤਾ ਵੀ ਸੁਣਾਈ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ  ਡਾ. ਗੁਰਦੀਪ ਸਿੰਘ ਸੰਧੂ ਨੇ ਮੁੱਖ ਵਕਤਾ ਡਾ. ਰਾਜਵਿੰਦਰ ਸਿੰਘ ਦੀ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਜਾਤੀ ਦੀ ਵਿਲੱਖਣ ਪ੍ਰਾਪਤੀ ਹੈ ਜੋ ਮਨੁੱਖ ਅੰਦਰ ਮਨੁੱਖਤਾ ਪੈਦਾ ਕਰਦੀ ਹੈ।
ਡਾ. ਰਾਜਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਗਿਆਨ ਵਿਗਿਆਨ ਦੇ ਵਿਸ਼ਿਆਂ ਦੀ ਅਕਾਦਮਿਕ ਸਰੋਤ ਸਮੱਗਰੀ ਨੂੰ  ਪਾਠਕਾਂ ਤਕ ਪਹੁੰਚਾਉਣ ਵਿੱਚ ਪੰਜਾਬੀ ਪੀਡੀਆ ਦੇ ਯੋਗਦਾਨ ਨੂੰ ਉਭਾਰਿਆ। ਉਨ੍ਹਾਂ ਅਨੁਸਾਰ ਅਜੋਕੇ ਸਮੇਂ ਭਾਸ਼ਾਵਾਂ ਦਾ ਆਪਣੇ ਮਹੱਤਵ ਨੂੰ ਬਣਾਈ ਰੱਖਣ ਲਈ ਸਮੇਂ ਦੇ ਹਾਣ ਦੀਆਂ ਬਣਨਾ ਜ਼ਰੂਰੀ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਕੰਪਿਊਟਰੀਕਰਨ ਦੇ ਖੇਤਰ ਵਿੱਚ ਹੋ ਰਹੀ ਮੌਜੂਦਾ ਖੋਜ ਸਬੰਧੀ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨਾਲ ਹੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਕੰਪਿਊਟਰੀਕਰਨ ਦੀਆਂ ਭਵਿੱਖ ਮੁਖੀ ਸੰਭਾਵਨਾਵਾਂ ਤੇ ਵੀ ਚਰਚਾ ਕੀਤੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਨੌਜਵਾਨ ਵਰਗ ਨੂੰ ਭਰੋਸੇਯੋਗ ਸਰੋਤਾਂ ਤੇ ਉਪਲੱਬਧ ਆਨਲਾਈਨ ਸਮੱਗਰੀ ਦੀ ਭਰਪੂਰ ਵਰਤੋਂ ਕਰਨ ਲਈ ਵੀ ਪ੍ਰੇਰਿਆ।
ਮਾਤ-ਭਾਸ਼ਾ ਦਿਵਸ ਦੇ ਮੌਕੇ ਪੋਸਟ-ਗ੍ਰੈਜ਼ੂਏਟ ਪੰਜਾਬੀ ਵਿਭਾਗ ਨੂੰ ਇਕ ਮਾਡਲ ਵਿਭਾਗ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ। ਵਿਭਾਗ ਦੀਆਂ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਸਮੇਂ-ਸਮੇਂ ਕੀਤੀਆਂ ਸਮੁੱਚੀਆਂ ਗਤੀਵਿਧੀਆ ਨੂੰ ਤਸਵੀਰਾਂ ਦੀ ਜ਼ੁਬਾਨੀ ਵਿਭਾਗ ਦੀਆਂ ਕੰਧਾਂ ਉੱਪਰ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਇਸ ਜਾਣਕਾਰੀ ਤੋਂ ਪੂਰਨ ਲਾਹਾ ਲੈ ਸਕਣ। ਇਹ ਤਸਵੀਰਾਂ ਵਿਭਾਗੀ ਸਰਗਰਮੀਆਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਨਿਕਾਸ ਅਤੇ ਵਿਕਾਸ ਪੜਾਵਾਂ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਮਹਾਨ ਸਖ਼ਸ਼ੀਅਤਾਂ ਬਾਰੇ ਭਰਪੂਰ ਜਾਣਕਾਰੀ ਦੇ ਰਹੀਆਂ ਹਨ।
ਇਸ ਭਾਸ਼ਣ ਉਪਰੰਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਚਾਰ ਚਰਚਾ ਵਿਚ ਭਾਗ ਲਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ਦੇ ਅਖੀਰ ਵਿਚ ਧੰਨਵਾਦ ਦਾ ਮਤਾ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਮਨਜੀਤ ਕੌਰ ਨੇ ਪੇਸ਼ ਕੀਤਾ। ਇਸ ਮੌਕੇ ਉੱਤੇ ਡਾ. ਅਸ਼ਵਨੀ ਸ਼ਰਮਾ, ਰਜਿਸਟਰਾਰ, ਡਾ. ਅਜੀਤ ਕੁਮਾਰ, ਕੰਟਰੋਲਰ ਪ੍ਰੀਖਿਆਵਾਂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਇਸ ਆਨਲਾਈਨ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।
ਪ੍ਰਿੰਸੀਪਲ

Spread the love

Leave a Reply

Your email address will not be published. Required fields are marked *

Back to top button