Punjab-Chandigarh

ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਵਲੋਂ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ

1969 ਵਿੱਚ ਰਾਜਨੀਤੀ ਵਿੱਚ ਪੈਰ ਧਰਨ ਵਾਲੇ ਅਮਰਿੰਦਰ ਸਿੰਘ ਅਠਵੀਂ ਵਾਰ ਲੜਨਗੇ ਵਿਧਾਨ ਸਭਾ ਚੋਣ

ਪਟਿਆਲਾ ( ਬਲਜੀਤ ਸਿੰਘ ਕੰਬੋਜ) ਅਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਚੋਣ ਲੜਨ ਦੀਆਂ ਕਿਆਸਅਰਾਈਆਂ ਅਤੇ ਅਟਕਲਾਂ ਨੂੰ ਵਿਸ਼ਰਾਮ ਦਿੰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਿਰ ਆਪਣੇ ਜੱਦੀ ਸ਼ਹਿਰ ਪਟਿਆਲਾ ਦੀ ਸ਼ਹਿਰੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰ ਆਏ। ਹਾਲਾਂਕਿ ਕੲੀ ਦਿਨਾਂ ਤੋਂ ਉਹਨਾਂ ਵਲੋਂ ਨਵਜੋਤ ਸਿੱਧੂ ਦੇ ਮੁਕਾਬਲੇ ਅਮ੍ਰਿਤਸਰ ਤੋਂ ਚੋਣ ਲੜੇ ਜਾਣ ਦੀਆਂ ਵੀ ਖਬਰਾਂ ਆ ਰਹੀਆਂ ਸਨ ਪਰੰਤੂ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਭਾਵੇਂ ਕੁਝ ਵੀ ਹੋਵੇ ਕੈਪਟਨ ਅਮਰਿੰਦਰ ਸਿੰਘ ਚੋਣ ਪਟਿਆਲਾ ਤੋਂ ਹੀ ਲੜਨਗੇ। ਵੈਸੇ ਤਿੰਨ ਚਾਰ ਦਿਨ ਪਹਿਲਾਂ  ਉਹਨਾਂ ਨੇ ਟਵੀਟ ਰਾਹੀਂ ਪਟਿਆਲਾ ਤੋਂ ਚੋਣ ਲੜਨ ਦੇ ਸੰਕੇਤ ਦੋ ਵੀ ਦਿੱਤੇ ਸਨ।
   ਇਸ ਵਾਰ ਉਹ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਵਲੋਂ ਭਾਜਪਾ ਗਠਜੋੜ ਨਾਲ ਇੱਥੋਂ ਉਮੀਦਵਾਰ ਬਣੇ ਹਨ ਅਤੇ ਉਹ ਅਠਵੀਂ ਵਾਰ ਵਿਧਾਨ ਸਭਾ ਦੀ ਚੋਣ ਲੜਨ ਜਾ ਰਹੇ ਹਨ। 1969 ਵਿਚ ਰਾਜਨੀਤੀ ਵਿੱਚ ਪੈਰ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕੲੀ ਚੋਣਾਂ ਹਾਰੀਆਂ ਤੇ ਜਿੱਤੀਆਂ ਵੀ। ਵਿਧਾਇਕ ਤੇ ਲੈਕੇ ਐਮਪੀ, ਕੈਬਨਿਟ ਮੰਤਰੀ, ਪਾਰਟੀ ਪ੍ਰਧਾਨ ਅਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ।
  ਸਿਆਸਤ ਦੇ ਵੱਡੇ ਉਲਟਫੇਰ ਦੇ ਚਲਦਿਆਂ ਕਾਂਗਰਸ ਪਾਰਟੀ ਹਾਈਕਮਾਨ ਵਲੋਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗਠਜੋੜ ਵੀ ਕੀਤਾ। ਪਰ ਇਸ ਵਾਰ ਹਾਲਾਤ ਕੁਝ ਵਖਰੇ ਹਨ।
ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਵਿੱਚ ਵਿੱਚ ਘੇਰਨ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।   ਭਾਵੇਂ ਕਿ ਉਹਨਾਂ ਨੂੰ ਇਥੋਂ ਹਰਾਉਣਾ ਕੋਈ ਸੌਖੀ ਗੱਲ ਨਹੀਂ ਹੋਵੇਗੀ। ਪਰੰਤੂ ਉਹਨਾਂ ਨੂੰ ਹਰਾਉਣ ਲਈ ਵਿਰੋਧੀ ਦਲਾਂ ਵਲੋਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਹੀ ਕਾਰਨ ਹੈ ਕਿ ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ ਬਾਦਲ ਨੂੰ ਵੱਡਾ ਸਿਆਸੀ ਝਟਕਾ ਦਿੰਦਿਆਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੂੰ ਬਾਕਾਇਦਾ ਟਿਕਟ ਦੇਕੇ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਅਤੇ ਇਸੇ ਤਰ੍ਹਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਵਲੋਂ ਸਾਬਕਾ ਮੇਅਰ  ਵਿਸ਼ਨੂੰ ਸ਼ਰਮਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕੈਪਟਨ ਅਮਰਿੰਦਰ ਦੇ ਮੁਕਾਬਲੇ ਉਮੀਦਵਾਰ ਬਣਾਏ ਜਾਣ ਦੀ ਤਿਆਰੀ ਕਰ ਲਈ ਗਈ ਹੈ। ਇਸ ਕਰਕੇ ਇਸ ਵਾਰ ਇਸ ਸੀਟ ਤੇ ਸਿੰਗ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

ਦੋ ਸਾਬਕਾ ਮੇਅਰ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਟੱਕਰ ਦੇਣ ਲਈ ਚੋਣ ਮੈਦਾਨ ਵਿੱਚ ਡਟੇ

ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਜਾ ਰਹੇ ਇਹਨਾਂ ਦੋਵਾਂ ਮੇਅਰਾਂ ਦੇ ਸਿਆਸੀ ਸਫ਼ਰ ਦਾ ਜ਼ਿਕਰ ਕੀਤਾ ਜਾਵੇ ਤਾਂ ਜਿੱਥੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਟਕਸਾਲੀ ਅਕਾਲੀ ਪਰਿਵਾਰ ਵਿਚੋਂ ਹਨ। ਉਹਨਾਂ ਦੇ ਦਾਦਾ ਸਰਦਾਰਾ ਸਿੰਘ ਕੋਹਲੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵਿੱਚ ਗਿਣੇ ਜਾਂਦੇ ਸਨ ਅਤੇ ਅਜੀਤਪਾਲ ਕੋਹਲੀ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਕੋਹਲੀ ਬਾਦਲ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਅਤੇ ਹੁਣੇ ਹੁਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਟਿਕਟ ਲੈਣ ਵਿੱਚ ਵੀ ਕਾਮਯਾਬ ਹੋਏ ਹਨ।
ਇਸੇ ਤਰ੍ਹਾਂ ਦੂਸਰੇ ਪਾਸੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਪਟਿਆਲਾ ਨਗਰ ਨਿਗਮ ਦੇ ਮੇਅਰ ਰਹੇ। ਉਸਤੋਂ ਬਾਅਦ ਉਹ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋ ਗਏ ਸਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪਟਿਆਲਾ ਸ਼ਹਿਰੀ ਤੋਂ ਖੁਦ ਚੋਣ ਲੜਨ ਤੋਂ ਕਿਨਾਰਾ ਕੀਤੇ ਜਾਣ ਕਰਕੇ ਕਾਂਗਰਸ ਕੋਲ ਕੋਈ ਵੱਡੇ ਸਿਆਸੀ ਕੱਦ ਵਾਲਾ ਉਮੀਦਵਾਰ ਨਾ ਹੋਣ ਕਰਕੇ ਹੀ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਹੀ ਘਰ ਵਿੱਚ ਘੇਰ ਕੇ ਰੱਖਣ ਵਾਲੀ ਰਣਨੀਤੀ ਤਹਿਤ ਹੀ ਦੁਬਾਰਾ ਕਾਂਗਰਸ ਪਾਰਟੀ ਵਿੱਚ ਵਾਪਸ ਲਿਆਂਦਾ ਗਿਆ । ਜਿਸ ਕਰਕੇ ਇਸ ਸੀਟ ਤੋਂ ਉਹਨਾਂ ਨੂੰ ਟਿਕਟ ਮਿਲਨਾ ਵੀ ਪੂਰੀ ਤਰ੍ਹਾਂ ਤੈਅ ਹੈ।
ਪੰਜਾਬ ਦੇ ਬਦਲੇ ਹੋਏ ਸਿਆਸੀ ਸਮੀਕਰਨਾਂ ਦੇ ਚਲਦਿਆਂ ਇਹ ਪਹਿਲੀ ਵਾਰ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਭਾਜਪਾ ਦੇ ਆਪਣੇ ਗਠਜੋੜ ਨਾਲ਼ ਚੋਣਾਂ ਲੜਨ ਜਾ ਰਹੇ ਹਨ। ਅਤੇ ਉਹਨਾਂ ਨੂੰ ਕਰਾਰੀ ਟੱਕਰ ਦੇਣ ਲਈ ਉਹਨਾਂ ਦੇ ਹੀ ਸ਼ਹਿਰ ਦੇ ਦੋ ਸਾਬਕਾ ਮੇਅਰ ਪੂਰੀ ਤਰ੍ਹਾਂ ਤਿਆਰੀ ਵਿੱਚ ਹਨ।  ਵੈਸੇ ਤਾਂ ਪਟਿਆਲਾ ਦੀਆਂ ਦੀਆਂ ਦੋਵੇਂ ਹੀ ਸੀਟਾਂ ਵੱਕਾਰੀ ਬਣ ਚੁੱਕੀਆਂ ਹਨ। ਪਰੰਤੂ ਪਟਿਆਲਾ ਦੀ ਸ਼ਹਿਰੀ ਸੀਟ ਕੈਪਟਨ ਅਮਰਿੰਦਰ ਸਿੰਘ ਕਰਕੇ ਬੇਹੱਦ ਅਹਿਮ ਤੇ ਵੱਕਾਰੀ ਬਣ ਗੲੀ ਹੈ ਅਤੇ ਇੱਥੇ ਪੂਰੇ ਸਿਆਸੀ ਜੱਫ ਪੈਣ ਕਰਕੇ ਸਿੰਗ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
  ਇਹ ਚੋਣ ਕੈਪਟਨ ਅਮਰਿੰਦਰ ਸਿੰਘ ਵਾਸਤੇ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਹੋਏ ਕਿਸਾਨ ਅੰਦੋਲਨ ਦੇ ਕਾਰਨ ਪੰਜਾਬੀਆਂ ਖਾਸਕਰ ਕਿਸਾਨਾਂ ਦੀ ਨਰਾਜ਼ਗੀ ਪੈਦਾ ਸਹੇੜਨ ਵਾਲੀ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਨਾਲ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਦਾ ਗਠਜੋੜ ਕੀਤਾ ਹੈ। ਜਿਸ ਕਰਕੇ ਇਹਨਾਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ ਤੈਅ ਹੋਣ ਵਾਲਾ ਹੈ। ਇਹ ਸੀਟ ਪੰਜਾਬ ਦੇ ਲੋਕਾਂ ਲੲੀ ਖਿੱਚ ਦਾ ਕੇਂਦਰ ਭਣੀ ਰਹੇਗੀ।

Spread the love

Leave a Reply

Your email address will not be published. Required fields are marked *

Back to top button