ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਦੋ ਹੋਰਨਾਂ ਸੀਨੀਅਰ ਭਾਜਪਾ ਆਗੂਆਂ ਦੇ ਵੱਲੋਂ ਡੇਰਾ ਬਿਆਸ ਪੁੱਜ ਕੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕੀਤੀ।
ਇਸ ਦੀ ਜਾਣਕਾਰੀ ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਦਿੱਤੀ ਗਈ। ਡੇਰਾ ਬਿਆਸ ਮੁਖੀ ਅਤੇ ਅਮਿਤ ਸ਼ਾਹ ਵਿਚਾਲੇ ਹੋਈ ਇਸ ਮੀਟਿੰਗ ਨੂੰ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ। ਦਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਵਿਚਾਲੇ ਵੀ ਅਹਿਮ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਚਰਚਾ ਛਿੜੀ ਸੀ ਕਿ ਡੇਰਾ ਬਿਆਸ ਭਾਜਪਾ ਨੂੰ ਸਮਰਥਨ ਕਰੇਗਾ।
ਦੂਜੇ ਪਾਸੇ ਡੇਰਾ ਬਿਆਸ ਦੇ ਵੱਲੋਂ ਹੁਣ ਤੱਕ ਅਜਿਹਾ ਕੋਈ ਵੀ ਬਿਆਨ ਜਾਂ ਫਿਰ ਕਿਸ ਨੂੰ ਸਮਰਥਨ ਦੇਣ ਦੀ ਗੱਲ ਨਹੀਂ ਆਖੀ ਗਈ, ਪਰ ਹੋ ਰਹੀਆਂ ਇਨ੍ਹਾਂ ਮੁਲਾਕਾਤਾਂ ਦੇ ਵਿਚਕਾਰ ਮੰਨਿਆ ਜ਼ਰੂਰ ਜਾ ਰਿਹਾ ਹੈ ਕਿ ਡੇਰਾ ਬਿਆਸ ਕਿਤੇ ਨਾ ਕਿਤੇ ਭਾਜਪਾ ਨੂੰ ਸਮਰਥਨ ਕਰ ਸਕਦਾ ਹੈ।