Punjab-Chandigarh

ਮੰਜਾ ਪਹੁੰਚੇਗਾ ਵਿਧਾਨ ਸਭਾ ਵਿੱਚ – ਅਮਰਜੀਤ ਸਿੰਘ ਘੱਗਾ

ਭਾਜਪਾ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਦੇਣ ਦਾ ਮੌਕਾ ਆ ਗਿਆ ਹੈ

ਪੰਜਾਬ ਦੀ ਰਾਜਨੀਤੀ ਵਿੱਚ ਆਵੇਗੀ ਨਵੀਂ ਕ੍ਰਾਂਤੀ

ਪਟਿਆਲਾ — ਬਲਜੀਤ ਸਿੰਘ ਕੰਬੋਜ
ਸੰਯੁਕਤ ਸਮਾਜ ਮੋਰਚੇ ਨੂੰ “ਮੰਜਾ” ਚੋਣ ਨਿਸ਼ਾਨ ਮਿਲਨਾ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣ ਦਾ ਇਕ ਵੱਡਾ ਸੰਕੇਤ ਹੈ ਅਤੇ ਮੰਜਾ ਹੁਣ ਸੂਬੇ ਦੀ ਰਾਜਨੀਤੀ ਵਿੱਚ ਵੱਡੀ ਕ੍ਰਾਂਤੀ ਲਿਆਉਣ ਦਾ ਕੰਮ ਕਰੇਗਾ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਚਾਰਪਾਈ (ਮੰਜਾ) ਸਮਾਜ ਵਿੱਚ ਆਮ ਲੋਕਾਂ ਦਾ ਇਕ ਅਨਿਖੜਵਾਂ ਅੰਗ ਹੈ। ਮੰਜੇ ਤੋਂ ਬਿਨਾਂ ਸਾਡਾ ਸਮਾਜ ਅਧੂਰਾ ਹੈ। ਕਿਉਂਕਿ ਮੰਜਾ ਸਾਡੀ ਜ਼ਿੰਦਗੀ ਦੀ ਮੁੱਖ ਲੋੜ ਵੀ ਹੈ। ਅਤੇ ਮੰਜਾ ਸਾਡੇ ਪੰਜਾਬੀ ਸਭਿਆਚਾਰ ਦਾ ਵੀ ਪ੍ਰਮੁੱਖ ਅੰਗ ਹੈ  
ਉਹਨਾਂ ਕਿਹਾ ਕਿ ਪੰਜਾਬ ਦੀਆਂ ਇਹ ਪਹਿਲੀਆਂ ਇਤਹਾਸਕ ਚੋਣਾਂ ਹਨ ਕਿ ਵਰ੍ਹਿਆਂ ਤੋਂ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਕੲੀ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜੋਕਿ ਪੰਜਾਬ ਦੇ ਉਜਵਲ ਭਵਿੱਖ ਲਈ ਇਕ ਸ਼ੁੱਭ ਸੰਕੇਤ ਹੈ।
ਸਰਦਾਰ ਘੱਗਾ ਨੇ ਕਿਹਾ ਕਿ ਪੂੰਜੀਪਤੀਆਂ ਦੀ ਰਖੈਲ ਬਣੀ ਮੋਦੀ ਸਰਕਾਰ ਵਲੋਂ ਕਿਸਾਨੀ ਅਤੇ ਆਮ ਵਰਗ ਦਾ ਗਲ਼ਾ ਘੁੱਟਣ ਲਈ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਲੰਬਾ ਸੰਘਰਸ਼ ਕੀਤਾ ਉਹ ਆਪਣੇ ਆਪ ਵਿੱਚ ਇਕ ਵੱਡੀ ਮਿਸਾਲ ਬਣਿਆ ਕਿਉਂਕਿ ਇਹ ਸੰਘਰਸ਼ ਪੂਰੀ ਦੁਨੀਆਂ ਦਾ ਇਕ ਪਹਿਲਾ ਤੇ ਹੁਣ ਤੱਕ ਦਾ ਆਖਰੀ ਸ਼ਾਂਤਮਈ ਅੰਦੋਲਨ ਸੀ। ਜਿਸਦੀ ਕਿ ਕੋਈ ਹੋਰ ਮਿਸਾਲ ਨਹੀਂ।
ਉਹਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਤੇ ਰੁਲਣ ਵਾਸਤੇ ਮਜਬੂਰ ਕੀਤਾ। ਅੱਠ ਸੌ ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ। ਕੇਂਦਰ ਦੀ ਹੁਕਮਰਾਨ ਪਾਰਟੀ ਦੀ ਸ਼ਹਿ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਦੇਸ਼ ਦੇ ਅੰਨਦਾਤਿਆਂ ਨੂੰ ਬੇਗਾਨਿਆਂ ਦੀ ਤਰ੍ਹਾਂ ਆਪਣੇ ਹੀ ਮੁਲਕ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਗਿਆ। ਬਲੇਡ ਵਾਲੀਆਂ ਤਾਰਾਂ ਲਗਾਕੇ ਕੲੀ ਕੲੀ ਲੇਅਰ ਦੀ ਬੈਰੀਕੇਡਿੰਗ ਕੀਤੀ ਗਈ। ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੜਕਾਂ ਪੁੱਟੀਆਂ, ਵੱਡੇ ਵੱਡੇ ਬੈਰੀਕੇਡ ਲਗਾਕੇ ਅਤੇ ਪਾਣੀ ਦੀਆਂ ਬੁਛਾੜਾਂ ਕਰਕੇ ਕਿਸਾਨਾਂ ਨੂੰ ਰੋਕੇ ਜਾਣ ਦੀਆਂ ਸਿਰਤੋੜ ਹਰਕਤਾਂ ਕੀਤੀਆਂ। ਦਿੱਲੀ ਦੇ ਬਾਡਰਾਂ ਤੇ ਤਿੱਖੀਆਂ ਨੁਕੀਲੀਆਂ ਕਿੱਲਾਂ ਠੋਕੀਆਂ ਗੲੀਆਂ। ਅੰਦੋਲਨ ਨੂੰ ਖਤਮ ਕਰਵਾਉਣ ਲਈ ਘਟੀਆ ਹੱਥਕੰਡੇ ਵਰਤਕੇ ਸ਼ਾਂਤਮਈ ਮੋਰਚਿਆਂ ਤੇ ਆਪਣੇ ਗੁੰਡਿਆਂ ਤੋਂ ਹਮਲੇ ਕਰਵਾਏ ਗਏ। ਲਖੀਮਪੁਰ ਯੂਪੀ ਵਿੱਚ ਕੇਂਦਰ ਦੇ ਮੰਤਰੀ ਦੀ ਸ਼ਹਿ ਤੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਕੁਚਲਿਆ ਗਿਆ।
ਸਰਦਾਰ ਘੱਗਾ ਨੇ ਕਿਹਾ ਕਿ ਅੰਦੋਲਨ ਦੀ ਸਮਾਪਤੀ ਲੲੀ ਕੀਤੇ ਗਏ ਵਾਅਦਿਆਂ ਤੋਂ ਹੁਣ ਮੋਦੀ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ।
ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਲੋਂ ਕੀਤੇ ਗਏ ਗੁਨਾਹਾਂ ਤੇ ਪਾਪਾਂ ਦੀ ਸਜ਼ਾ ਦੇਣ ਦਾ ਹੁਣ ਮੌਕਾ ਆ ਗਿਆ ਹੈ। ਜਿਸ ਕਰਕੇ ਪੰਜਾਬ ਵਾਸੀ ਵੋਟਾਂ ਵਾਲੀ ਤਰੀਕ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਮੌਕੇ ਸਰਦਾਰ ਅਮਰਜੀਤ ਸਿੰਘ ਨੇ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਖਾਸਕਰ ਅਕਾਲੀਆਂ ਤੇ ਕਾਂਗਰਸੀਆਂ ਤੇ ਵੀ ਵੱਡੇ ਹਮਲੇ ਬੋਲਦਿਆਂ ਆਖਿਆ ਕਿ ਇਹਨਾਂ ਲੋਕਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਵੀ। ਉਹਨਾਂ ਕਾਂਗਰਸ ਤੇ ਅਕਾਲੀ ਦਲ ਉੱਪਰ ਮਿਲੀਭੁਗਤ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਆਰੋਪ ਵੀ ਲਗਾਏ। ਅਤੇ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਚਲਦਾ ਕਰਨ ਲਈ ਬਹੁਤ ਉਤਾਵਲੇ ਹਨ।
ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਭਲੇ ਵਾਸਤੇ ਭਾਜਪਾ, ਉਸਦੇ ਸਹਿਯੋਗੀ ਅਤੇ ਉਸਦੇ ਲੁਕਵੇਂ ਯਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਪਛਾੜ ਕੇ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇ।

Spread the love

Leave a Reply

Your email address will not be published. Required fields are marked *

Back to top button