Punjab-Chandigarh

“ਗੁੰਗੀ ਗੁੜੀਆ ਤੇ ਗੁੰਗੇ ਤੋਤਿਆਂ” ਤੋਂ ਨਹੀਂ ਰੱਖੀ ਜਾ ਸਕਦੀ ਹਲਕੇ ਦੇ “ਵਿਕਾਸ ਦੀ ਆਸ” –ਅਮਰਜੀਤ ਸਿੰਘ ਘੱਗਾ

ਮੰਜੇ ਵਾਲਾ ਬਟਨ ਦਬਾ ਦਬਾ ਕੇ ਅਸੀਂ ਮੋਦੀ, ਕੇਜਰੀਵਾਲ ਤੇ ਕਾਂਗਰਸ ਦੀਆਂ ਚੀਕਾਂ ਕਢਾ ਦਿਆਂਗੇ — ਲੋਕਾਂ ਨੇ ਕਰ ਦਿੱਤਾ ਐਲਾਨ

ਪਟਿਆਲਾ --- ਬਲਜੀਤ ਸਿੰਘ ਕੰਬੋਜ
ਸ਼ੁਤਰਾਣਾ ਹਲਕੇ ਦੇ ਲੋਕ ਹੁਣ ਤੱਕ ਗੁੰਗੀ ਗੁੜੀਆ ਅਤੇ ਗੰਗੇ ਤੋਤਿਆਂ ਨੂੰ ਹੀ ਚੁਣਦੇ ਆ ਰਹੇ ਨੇ ਜਿਸ ਕਰਕੇ ਇਹ ਹਲਕਾ ਤਰੱਕੀ ਨਹੀਂ ਕਰ ਸਕਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਟਿਆਲਾ ਜ਼ਿਲ੍ਹੇ ਦੇ ਵਿਧਾਨਸਭਾ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਚੋਣ ਲੜ ਰਹੇ ਸਾਬਕਾ ਕਮਿਸ਼ਨਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਆਪਣੇ ਹਲਕੇ ਦੇ ਪਿੰਡ ਅਰਨੋਂ ( ਮਝੈਲ ਫ਼ਾਰਮ) ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ  ਕੀਤਾ। ਅਮਰਜੀਤ ਸਿੰਘ ਘੱਗਾ ਜਿਹੜੇ ਕਿ ਸਾਬਕਾ ਆਈਆਰਐਸ ਅਧਿਕਾਰੀ ਹਨ ਅਤੇ ਉਹ ਕਸਟਮ ਕਮਿਸ਼ਨਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਅਤੇ ਕਿਸਾਨ ਜਥੇਬੰਦੀਆਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਵਲੋਂ ਸ਼ੁਤਰਾਣਾ ਹਲਕੇ ਤੋਂ ਉਮੀਦਵਾਰ ਹਨ।
ਇਸ ਮੌਕੇ ਉਹਨਾਂ ਇਲਾਕੇ ਦੇ ਪਿੰਡਾਂ ਚੋਂ ਪਹੁੰਚੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਹੋਰ ਕਿੱਤਾਮੁਖੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਲੋਕਾਂ ਨੇ ਜਿਹੜੇ ਵੀ ਨੁਮਾਇੰਦਿਆਂ ਨੂੰ ਚੁਣਕੇ ਵਿਧਾਨ ਸਭਾ ਵਿੱਚ ਭੇਜਿਆ ਉਹਨਾਂ ਜਾਕੇ ਆਪਣੇ ਇਸ ਇਲਾਕੇ ਦੇ ਮੁੱਦਿਆਂ, ਸਮਸਿਆਵਾਂ, ਲੋੜਾਂ ਅਤੇ ਵਿਕਾਸ ਲਈ ਲੋੜੀਂਦੇ ਜ਼ਰੂਰੀ ਕੰਮਾਂ ਲਈ ਕਦੇ ਆਵਾਜ਼ ਹੀ ਨਹੀਂ ਉਠਾਈ। ਜਿਸ ਕਰਕੇ ਇਹ ਇਲਾਕਾ ਆਪਣੇ ਮੱਥੇ ਤੇ ਲੱਗੇ ਪਛੜੇਪਣ ਵਾਲੇ ਦਾਗ ਨੂੰ ਧੋ ਨਹੀਂ ਸਕਿਆ। ਉਹਨਾਂ ਕਿਹਾ ਕਿ  ਬੀਬੀ ਵਨਿੰਦਰ ਕੌਰ ਲੂੰਬਾ ਵਰਗੀ ਗੁੰਗੀ ਗੁੜੀਆ ਅਤੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਵਰਗੇ ਗੁੰਗੇ ਤੋਤਿਆਂ ਤੋਂ ਹਲਕੇ ਦੇ ਵਿਕਾਸ ਦੀ ਕਦੇ ਵੀ ਆਸ ਨਹੀਂ ਕੀਤੀ ਜਾ ਸਕਦੀ।


ਆਮ ਆਦਮੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਨਾਮ ਲੲੇ ਬਗੈਰ ਸਰਦਾਰ ਘੱਗਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹੜੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਛਪੀ ਸਰਕਾਰੀ ਚਿੱਠੀ ਵੀ ਪੜਨੀ ਨਾ ਆਉਂਦੀ ਹੋਵੇ ਇਹ ਪਾਰਟੀਆਂ ਉਹਨਾਂ ਦੀ ਵੀ ਜਿੱਤ ਦੀ ਆਸ ਰਖਦੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕ ਹਲਕੇ ਦਾ ਕੱਖ ਨਹੀਂ ਸਵਾਰ ਸਕਦੇ।
ਸਰਦਾਰ ਘੱਗਾ ਨੇ ਅਫਸੋਸ ਜ਼ਾਹਰ ਕਰਦਿਆਂ ਮੌਜੂਦਾ ਤੇ ਪਿਛਲੇ ਵਿਧਾਇਕਾਂ ਤੇ ਤੰਜ ਕਰਦਿਆਂ ਆਖਿਆ ਕਿ ਕਿਨੇਂ ਹੀ ਕਮਾਲ ਦੀ ਗੱਲ ਹੈ ਕਿ ਪੰਜਾਬ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਰਹੀ ਉਸੇ ਹੀ ਪਾਰਟੀ ਦੇ ਵਿਧਾਇਕ ਰਹਿਣ ਦੇ ਬਾਵਜੂਦ ਵੀ ਸ਼ੁਤਰਾਣਾ ਹਲਕਾ ਵਿਕਾਸ ਤੋਂ ਕੋਹਾਂ ਦੂਰ ਹੈ। ਇੱਥੇ ਨਾ ਹੀ ਕੋਈ ਚੱਜਦਾ ਸਰਕਾਰੀ ਕਾਲੇਜ, ਤੇ ਨਾ ਹੀ ਕੋਈ ਹਸਪਤਾਲ ਬਣਿਆ। ਹੋਰ ਤਾਂ ਹੋਰ ਸਰਕਾਰੀ ਸਕੂਲਾਂ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਦੀ ਜ਼ਰੂਰੀ ਪੜਾਈ ਵੀ ਨਹੀਂ ਮਿਲਦੀ।
ਇਸ ਮੌਕੇ ਸਰਦਾਰ ਘੱਗਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ 13 ਮਹੀਨੇ ਦਿੱਲੀ ਦੀਆਂ ਸਰਹੱਦਾਂ ਤੇ ਲੱਗੇ ਮੋਰਚਿਆਂ ਨੂੰ ਕਦੇ ਵੀ ਨਾ ਭੁੱਲਿਓ। ਕਿਉਂਕਿ ਅੱਜ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਭੇਸ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹਨਾਂ ਨੂੰ ਵੋਟ ਪਾਉਣੀ ਸ਼ਹੀਦ ਹੋਏ ਸਾਢੇ ਸੱਤ ਸੌ ਕਿਸਾਨਾਂ ਦੀ ਮਿੱਟੀ ਰੋਲਣ ਦੇ ਬਰਾਬਰ ਹੋਵੇਗੀ। ਇਸ ਲਈ ਹੁਣ ਮੌਕਾ ਹੈ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਪੰਜਾਬ ਵਿੱਚ ਈਮਾਨਦਾਰੀ ਨਾਲ ਸਰਕਾਰ ਚਲਾਉਣ ਲਈ ਸਾਰੇ ਹੀ ਉਮੀਦਵਾਰਾਂ ਤੋਂ ਤਸਦੀਕ ਸ਼ੁਦਾ ਹਲਫ਼ੀਆ ਬਿਆਨ ਲੲੇ ਗੲੇ ਹਨ। ਜਿਹਨਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਪਾਰਟੀਆਂ ਦਾ ਕੋਈ ਵੀ ਵਿਧਾਇਕ ਸਰਕਾਰੀ ਖਜ਼ਾਨੇ ਚੋਂ ਤਨਖਾਹ ਨਹੀਂ ਲਵੇਗਾ, ਕੋਈ ਕੁਰਪਸ਼ਨ ਨਹੀਂ ਕਰੇਗਾ, ਕਿਸੇ ਵੀ ਮਾਫ਼ੀਏ ਨਾਲ ਸਬੰਧ ਨਹੀਂ ਰਖੇਗਾ ਅਤੇ ਜਿੱਤਣ ਤੋਂ ਬਾਅਦ ਵਿਧਾਨ ਸਭਾ ਦੇ ਸੈਸ਼ਨ ਦੇ ਸਮੇਂ ਤੋਂ ਇਲਾਵਾ ਸਾਰਾ ਸਮਾਂ ਆਪਣੇ ਹਲਕੇ ਵਿੱਚ ਰਹਿਣ ਵਰਗੀਆਂ ਹੋਰ ਕੲੀ ਕੰਡੀਸ਼ਨਾਂ ਲਾਈਆਂ ਗਈਆਂ ਹਨ।
ਸਰਦਾਰ ਘੱਗਾ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਸਾਡੀ ਸੁਲਝੀ ਹੋਈ ਈਮਾਨਦਾਰ ਲੀਡਰਸ਼ਿਪ ਦੀ ਸਰਕਾਰ ਪੰਜਾਬ ਨੂੰ ਚੜਦੀਕਲਾ ਵਿਚ ਲੈਕੇ ਜਾਵੇਗੀ। ਪੰਜਾਬ ਸਿਰ ਚੜ੍ਹੇ ਤਿੰਨ ਲੱਖ ਕਰੋੜ ਦੇ ਕਰਜ਼ੇ ਨੂੰ ਜ਼ੀਰੋ ਤੇ ਲੈਕੇ ਜਾਵੇਗੀ। ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਸਾਫ਼ ਸੁਥਰਾ ਭੈਅ ਰਹਿਤ ਪ੍ਰਸ਼ਾਸਨ ਦੇਣਾ, ਮਾਫੀਆ ਰਾਜ ਖਤਮ ਕਰਨਾ, ਸਰਕਾਰੀ ਆਮਦਨ ਦੇ ਸਰੋਤ ਪੈਦਾ ਕਰਨਾ, ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ, ਪੰਜਾਬ ਵਿੱਚ ਸਿਹਤ ਤੇ ਸਿੱਖਿਆ ਸਿਸਟਮ ਨੂੰ ਆਧੁਨਿਕ ਤੇ ਮਜ਼ਬੂਤ ਕਰਨਾ, ਐਗਰੋ ਬੇਸ ਇੰਡਸਟਰੀਜ਼ ਸਥਾਪਤ ਕਰਨਾ,  ਨਸ਼ਿਆਂ ਦੇ ਦਰਿਆ ਨੂੰ ਨੱਥ ਪਾਉਣ, ਨਵੀਂ ਉਦਯੋਗਿਕ ਨੀਤੀ ਲਿਆਉਣ, ਸੂਬੇ ਵਿੱਚ ਹੀ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ, ਬੇਅਦਬੀਆਂ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ,
ਸੂਬੇ ਵਿੱਚ ਹੈਲਪ ਸੈਂਟਰ ਬਣਾਉਣ, ਸਰਕਾਰੀ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ, ਪੰਜਾਬ ਦੇ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਜੀਵਨ ਦੀਆਂ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਉਪਲਬਧ ਕਰਾਉਣਾ, ਖੇਤੀ ਆਮਦਨ ਵਧਾਉਣ ਨੂੰ ਅਤੇ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਸਾਡਾ ਮੁੱਖ ਏਜੰਡਾ ਹੋਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਐਨ ਆਰ ਆਈ ਭਰਾ ਡਾਕਟਰ ਸਵੈਮਾਣ ਸਿੰਘ ਨੇ ਵਾਅਦਾ ਕੀਤਾ ਹੈ ਕਿ ਉਹ ਸ਼ੁਤਰਾਣਾ ਹਲਕੇ ਦੇ ਵਿਕਾਸ ਲਈ ਆਪਣੇ ਕੋਲੋਂ 16 ਕਰੋੜ ਰੁਪਏ ਦੀ ਸਹਾਇਤਾ ਕਰਨਗੇ। ਇਸ ਮੌਕੇ ਉਹਨਾਂ ਸਾਡਾ ਹਲਕਾ- ਸਾਡੇ ਮਸਲੇ ਦਾ ਨਾਅਰਾ ਵੀ ਦਿੱਤਾ। ਅਤੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਪਾਤੜਾਂ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ। ਅਤੇ ਇੱਥੋਂ ਦੇ ਬੱਚਿਆਂ ਨੂੰ ਆਈ ਏ ਐਸ ਤੇ ਆਈ ਪੀ ਐਸ ਦੀ ਟ੍ਰੇਨਿੰਗ ਦੇਣ ਲਈ ਇਕ ਕਾਲਜ਼ ਵੀ ਸਥਾਪਿਤ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਸੱਦਾ ਦਿੱਤਾ ਕਿ ਸ਼ੁਤਰਾਣਾ ਦੀ ਇਹ ਸੀਟ ਜਿੱਤਕੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਝੋਲੀ ਪਾਈ ਜਾਵੇ।
ਇਸ ਮੌਕੇ ਲੋਕਾਂ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਅਸੀਂ ਮੰਜੇ ਵਾਲਾ ਬਟਨ ਦਬਾ ਦਬਾ ਕੇ ਕੇਜਰੀਵਾਲ, ਕਾਂਗਰਸ,ਮੋਦੀ ਅਤੇ ਮਸ਼ੀਨਾਂ ਦੀਆਂ ਚੀਕਾਂ ਕਢਾ ਦਿਆਂਗੇ।
ਇਸ ਮੌਕੇ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਸਾਡੇ ਹਲਕੇ ਦੀ ਖੁਸ਼ਕਿਸਮਤੀ ਹੈ ਕਿ  ਕਿਸਾਨ ਆਗੂਆਂ ਨੇ ਅਮਰਜੀਤ ਸਿੰਘ ਘੱਗਾ ਦੇ ਰੂਪ ਵਿੱਚ ਇਕ ਚੋਟੀ ਦੇ ਸਾਬਕਾ ਆਈ ਏ ਐਸ ਅਫਸਰ ਨੂੰ ਸਾਡੇ ਪਿਛੜੇ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਹਮੇਸ਼ਾ ਅਫਸਰ ਹੀ ਚਲਾਉਂਦੇ ਹਨ ਤੇ ਸਾਨੂੰ ਤਾਂ ਉਹ ਅਫਸਰ ਸਾਡੇ ਘਰ ਵਿੱਚ ਹੀ ਮਿਲ ਗਿਆ ਹੈ ਜਿਹਨਾਂ ਨੂੰ ਅਸੀਂ ਹਰ ਹਾਲਤ ਵਿੱਚ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ। ਉਹਨਾਂ ਆਸ ਪ੍ਰਗਟਾਈ ਕਿ ਕਿਸਾਨ ਮੋਰਚੇ ਦੀ ਸਰਕਾਰ ਬਣਨ ਤੇ ਸਰਦਾਰ ਅਮਰਜੀਤ ਸਿੰਘ ਘੱਗਾ ਪਹਿਲੇ ਨੰਬਰ ਦੇ ਕੈਬਨਿਟ ਮਨਿਸਟਰ ਹੋਣਗੇ। ਇਸ ਚੋਣ ਸਭਾ ਨੂੰ ਸਾਬਕਾ ਪ੍ਰੋਫੈਸਰ ਸਰਦਾਰ ਰਣ ਸਿੰਘ ਧਾਲੀਵਾਲ, ਪ੍ਰੋਫੈਸਰ ਪ੍ਰਭਜੀਤ ਸਿੰਘ, ਗਿਆਨੀ ਸੁਖਜਿੰਦਰ ਸਿੰਘ, ਸਮੇਤ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ।

Spread the love

Leave a Reply

Your email address will not be published. Required fields are marked *

Back to top button