Punjab-ChandigarhTop News

ਖੇਤੀਬਾੜੀ ਮੰਤਰੀ ਧਾਲੀਵਾਲ ਦੀ ਅਗਵਾਈ ਵਿੱਚ ਵਿਭਾਗ ਦੀਆਂ 37 ਟੀਮਾਂ ਭਲਕੇ 12 ਜੁਲਾਈ ਨੂੰ ਮਾਲਵਾ ਦੇ 6 ਜ਼ਿਲਿਆਂ ਦਾ ਦੌਰਾ ਕਰਨਗੀਆਂ

ਮੁਹਾਲੀ/ਚੰਡੀਗੜ੍ਹ, 11 ਜੁਲਾਈ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਸੰਕਟ ਵਿੱਚੋਂ ਕੱਢਣ, ਖੇਤੀਬਾੜੀ ਨੂੰ ਲਾਭਦਾਇਕ ਧੰਦਾ ਬਣਾਉਣ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਫ਼ਤਰਾਂ ਤੇ ਫ਼ਾਈਲਾਂ ਦੇ ਕੰਮ ਵਿੱਚੋਂ ਨਿਕਲ ਕੇ ਜ਼ਮੀਨੀ ਪੱਧਰ ਉੱਤੇ ਨੀਤੀਆਂ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਫੀਲਡ ਵਿੱਚ ਨਿੱਤਰਨ ਲਈ ਕਿਹਾ। ਸ. ਧਾਲੀਵਾਲ ਨੇ ਖੇਤੀਬਾੜੀ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪੰਜਾਬ ਮੰਡੀ ਬੋਰਡ ਭਵਨ ਵਿਖੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਸਿਰਜਣ ਦੇ ਲਏ ਸੁਫਨੇ ਨੂੰ ਪੂਰਾ ਕਰਨ ਲਈ ਸੂਬੇ ਦੀ ਖੇਤੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੀ ਅਰਥ ਵਿਵਸਥਾ ਖੇਤੀਬਾੜੀ ਆਧਾਰਿਤ ਹੈ। ਜੇ ਅਸੀਂ ਖੇਤੀ ਬਚਾ ਲਈ ਤਾਂ ਪੰਜਾਬ ਬਚਾ ਲਵਾਂਗੇ। 

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜਾਂ ਨੂੰ ਮੁਕੰਮਲ ਖਤਮ ਕੀਤਾ ਜਾਵੇ। ਅਜਿਹਾ ਕੁੱਝ ਵੀ ਨਕਲੀ ਸਮਾਨ ਕਿਤੇ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਕਲੀ ਦਵਾਈਆਂ ਤੇ ਬੀਜਾਂ ਦੀ ਅਲਾਮਤ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਤਾੜਨਾ ਕੀਤੀ।ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਉਨ੍ਹਾਂ ਦਾ ਪਹਿਲਾ ਟੀਚਾ ਹੀ ਇਹੋ ਹੈ।ਦਵਾਈਆਂ ਤੇ ਬੀਜਾਂ ਦੀਅੱਜ ਫ਼ੈਕਟਰੀਆਂ ਦੀ ਸੂਚੀ ਬਣਾ ਕੇ ਸੌਂਪਣ ਨੂੰ ਕਿਹਾ।

ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਤੋਂ ਲੈ ਕੇ ਮੁੱਖ ਦਫਤਰ ਤੱਕ ਦੇ ਸਮੂਹ ਅਧਿਕਾਰੀ ਭਲਕੇ ਤੋਂ ਹੀ ਮਾਲਵੇ ਦੀ ਨਰਮਾ ਪੱਟੀ ਦਾ ਦੌਰਾ ਕਰਨਗੇ।ਉਹ ਖ਼ੁਦ ਵੀ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਵਿਭਾਗ ਦੀਆਂ 37 ਟੀਮਾਂ ਨਰਮਾ ਪੱਟੀ ਦੇ ਛੇ ਜ਼ਿਲਿਆਂ ਵਿੱਚ ਫਸਲ ਦਾ ਜਾਇਜ਼ਾ ਲੈ ਕੇ ਰਿਪੋਰਟ ਕਰਨਗੀਆਂ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਇਸ ਟੀਮ ਦਾ ਹਿੱਸਾ ਹੋਣਗੇ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਸਫਲ ਬਣਾਉਣ ਲਈ ਮੰਡੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫਸਲਾਂ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਫਸਲਾਂ ਲਈ ਮੰਡੀਕਰਨ ਉੱਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਖੇਤੀਬਾੜੀ ਅਧਿਕਾਰੀ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨ ਅਤੇ ਛੋਟੇ ਕਿਸਾਨਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ।

ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਵਾਸੀਆਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰਨ ਦੀ ਸਹੁੰ ਖਾਧੀ ਹੈ ਅਤੇ ਇਸੇ ਵਚਨਬੱਧਤਾ ਉੱਤੇ ਪਹਿਰਾ ਦਿੰਦੇ ਹੋਏ ਖੇਤੀਬਾੜੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਮੰਡੀ ਬੋਰਡ, ਪੰਜਾਬ ਐਗਰੋ, ਪਨਸੀਡ, ਵੇਅਰਹਾਊਸ ਨੂੰ ਤਕੜਾ ਕੀਤਾ ਜਾਵੇ। 

ਇਸ ਤੋਂ ਪਹਿਲਾ ਵਿੱਤ ਕਮਿਸ਼ਨਰ ਵਿਕਾਸ ਸਰਵਜੀਤ ਸਿੰਘ ਨੇ ਖੇਤੀਬਾੜੀ ਮੰਤਰੀ ਦਾ ਸਵਾਗਤ ਕਰਦਿਆਂ ਵਿਭਾਗ ਬਾਰੇ ਜਾਣ ਪਛਾਣ ਕਰਵਾਈ। ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਵੀ ਭਗਤ, ਖੇਤੀਬਾੜੀ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ, ਪੰਜਾਬ ਐਗਰੋ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਤੇ ਪੰਜਾਬ ਮੰਡੀਕਰਨ ਬੋਰਡ ਦੇ ਵਧੀਕ ਸਕੱਤਰ ਦਲਵਿੰਦਰ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਦੇ ਅਧਿਕਾਰੀ ਅਤੇ ਸਮੂਹ ਜ਼ਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button