ਮੁੱਖ ਮੰਤਰੀ ਚੰਨੀ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਵਿਖੇ ਨਤਮਸਤਕ ਹੋਏ
Shiv Kumar:
ਖੁਰਾਲਗੜ੍ਹ, 18 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਾਨਵਤਾ ਦੀ ਭਲਾਈ, ਸਮਾਜ ਦੇ ਹਰੇਕ ਵਰਗ ਨੂੰ ਬਰਾਬਰੀ ਦਾ ਸਥਾਨ ਦੇਣ ਅਤੇ ਨਰੋਆ ਅਤੇ ਵਧੀਆ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ। ਓਹਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਆਪ ਜੀ ਨੇ ਆਪਣੀ ਬਾਣੀ ਰਾਹੀਂ ਅਜਿਹੇ ਸਮਾਜ ਦਾ ਸੰਕਲਪ ਰੱਖਿਆ ਜਿਸ ਵਿਚ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਪ੍ਰਬੰਧਕ ਕਮੇਟੀ, ਸ੍ਰੀ ਖੁਰਾਲਗੜ੍ਹ ਸਾਹਿਬ ਦੇ ਚੇਅਰਮੈਨ ਡਾ. ਕੁਲਵਰਨ ਸਿੰਘ ਅਤੇ ਪ੍ਰਧਾਨ ਭਾਈ ਕੇਵਲ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਉ ਭੇਟ ਕੀਤਾ।
ਇਸ ਉਪਰੰਤ ਮੁੱਖ ਮੰਤਰੀ ਚੰਨੀ ਪਾਵਨ ਅਸਥਾਨ ਚਰਨ ਛੋਹ ਗੰਗਾ ਵਿਖੇ ਵੀ ਨਤਮਸਤਕ ਹੋਏ। ਇਸ ਦੌਰਾਨ ਸੰਤ ਸਰਵਣ ਦਾਸ ਅਤੇ ਸਤਵਿੰਦਰਜੀਤ ਸਿੰਘ ਹੀਰਾ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਾਂਗਰਸੀ ਆਗੂ ਨਿਮਿਸ਼ਾ ਮਹਿਤਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਆਈ.ਜੀ. ਜੀ.ਐਸ. ਢਿੱਲੋਂ ਅਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਵੰਤ ਸਿੰਘ ਹੀਰ ਹਾਜ਼ਰ ਸਨ।