Punjab-Chandigarh

6th pay commission Punjab: ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਇਹਨਾਂ ਮੰਗਾਂ ‘ਤੇ ਬਣੀ ਸਹਿਮਤੀ

6th pay commission Punjab

Shiv Kumar:

ਚੰਡੀਗੜ੍ਹ, 25 ਅਕਤੂਬਰ : ਪੈਨਸ਼ਨਰਾਂ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਅਤੇ ਮੁਲਾਜ਼ਮਾਂ ਦੇ ਜਾਰੀ ਕੀਤੇ ਜਾ ਚੁੱਕੇ ਨੋਟੀਫਿਕੇਸ਼ਨ ਵਿੱਚ ਮੁਲਾਜ਼ਮ ਪੱਖੀ ਸੋਧਾਂ ਕਰਨ, ਹਰ ਤਰ੍ਹਾਂ ਦੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਸਮੂੰਹ ਮਾਣ-ਭੱਤਾ ਤੇ ਇਨਸੈਂਟਿਵ ਵਰਕਰਾਂ ‘ਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਵਾਉਣ, 1 ਅਪ੍ਰੈਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 3 ਸਾਲ ਦੇ ਪਰਖ ਕਾਲ ਸਮਾਂ ਐਕਟ ਨੂੰ ਰੱਦ ਕਰਦੇ ਹੋਏ 15-01-15 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਬਾਕੀ ਮੁਲਾਜ਼ਮਾਂ ਵਾਂਗ ਤਨਖਾਹ ਅਤੇ ਭੱਤੇ ਫਿਕਸ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਹੋੲੇ ਮੁਲਾਜ਼ਮਾਂ ‘ਤੇ ਕੇਂਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਸਮੇਤ ਹੋਰ ਮੁਲਾਜ਼ਮ ਮੰਗਾਂ ਸੰਬੰਧੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅੱਜ ਸਾਂਝੇ ਫਰੰਟ ਦੇ ਕਨਵੀਨਰਾਂ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੀ.ਡਬਲਯੂ.ਡੀ. ਅਤੇ ਪ੍ਰਬੰਧਕੀ ਸੁਧਾਰਾਂ ਦੇ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਪ੍ਰਿੰਸੀਪਲ ਸਕੱਤਰ ਪ੍ਰਸੋਨਲ ਸ੍ਰੀ ਵਿਵੇਕ ਪ੍ਰਤਾਪ ਸਿੰਘ ਅਤੇ ਵਿੱਤ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਮਰਾ ਸਮੇਤ ਹੋਰ ਅਧਿਕਾਰੀ ਅਤੇ ਸਾਂਝੇ ਫਰੰਟ ਵੱਲੋਂ ਸੁਖਦੇਵ ਸਿੰਘ ਸੈਣੀ, ਠਾਕੁਰ ਸਿੰਘ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਜਗਦੀਸ਼ ਸਿੰਘ ਚਾਹਲ, ਕਰਮ ਸਿੰਘ ਧਨੋਆ, ਅਵਿਨਾਸ਼ ਚੰਦਰ ਸ਼ਰਮਾਂ, ਸੁਖਜੀਤ ਸਿੰਘ, ਬਾਜ ਸਿੰਘ ਖਹਿਰਾ, ਮੰਗਤ ਖ਼ਾਨ ਅਤੇ ਜਸਵਿੰਦਰ ਸਿੰਘ ਸ਼ਾਮਲ ਸਨ।

ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵਿਚਾਰੀਆਂ ਗਈਆਂ ਮੱਦ ਵਾਈਜ਼ ਮੰਗਾਂ ‘ਤੇ ਪੈਨਸ਼ਨਰਾਂ ਦੀ ਛੇਵੇਂ ਤਨਖਾਹ ਕਮਿਸ਼ਨ ਦੀ ਫਾਈਲ ਦਾ ਅੱਜ ਸ਼ਾਮ ਤੱਕ ਨਿਪਟਾਰਾ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਪੈਨਸ਼ਨਰਾਂ ਦੀ ਵਧੀ ਹੋਈ 20 ਲੱਖ ਦੀ ਗ੍ਰੈਚੁਟੀ ਦਾ ਪੱਤਰ ਵੀ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ 31-12-2015 ਦੀ ਬੇਸਿਕ ਪੇ + 113% ਡੀ.ਏ. ‘ਤੇ ਦਿੱਤੇ ਜਾ ਰਹੇ 15% ਵਾਧੇ ਦੇ 20-09-2021 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਤੇ 01-1-01-2016 ਤੋਂ 30-06-2021 ਤੱਕ ਦੇ ਬਕਾਏ ਦੱਬਣ ‘ਤੇ ਸਾਂਝੇ ਫਰੰਟ ਵੱਲੋਂ ਸਖ਼ਤ ਇਤਰਾਜ ਕੀਤਾ ਗਿਆ ਅਤੇ ਪ੍ਰਤੀਸ਼ਤ ਵਾਧੇ ਦੀ ਬਜਾਏ 01-01-2016 ਨੂੰ ਸਮੂੰਹ ਵਰਗਾਂ ਨੂੰ 2.72 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ, ਜਿਸ ‘ਤੇ ਮੰਤਰੀ ਸਾਹਿਬ ਅਤੇ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਮੁੱਖ ਮੰਤਰੀ ਨਾਲ ਵਿਚਾਰ ਕੇ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਸਹਿਮਤੀ ਦਿੱਤੀ।  

01-12-2011 ਨੂੰ ਅਨਰੀਵਾਈਜ਼ਡ ਅਤੇ ਅੰਸ਼ਕ ਰੀਵਾਈਜ਼ਡ ਕੈਟੇਗਰੀ ਦੇ ਮੁਲਾਜ਼ਮ ਦੀ ਪੇ-ਪੈਰਿਟੀ ਬਹਾਲ ਕਰਨ ਹਿੱਤ ਲੋੜੀਂਦਾ ਉੱਚਤਮ ਗੁਣਾਂਕ ਦੇਣ ਦੀ ਮੰਗ ‘ਤੇ ਮੰਤਰੀ ਸਾਹਿਬ ਨੇ ਆਪਣੀ ਸਹਿਮਤੀ ਪ੍ਰਗਟਾਈ ਅਤੇ ਇਹਨਾ ਕੇਸਾਂ ਸਬੰਧੀ ਵਿਭਾਗੀ ਪੱਧਰ ‘ਤੇ ਵਿਚਾਰ ਕਰਨ ਲਈ ਕਿਹਾ। 

15-01-15 ਦੇ ਤਿੰਨ ਸਾਲਾ ਪਰਖ ਕਾਲ ਨੂੰ ਰੱਦ ਕਰਕੇ ਇਸ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 2.72 ਗੁਣਾਂਕ ਦੇਣ ਦੇ ਮਸਲੇ ‘ਤੇ ਪ੍ਰਿੰਸੀਪਲ ਸਕੱਤਰ ਨੇ ਕਲੀਅਰ ਕੀਤਾ ਕਿ ਇਹਨਾ ਮੁਲਾਜ਼ਮਾਂ ਨੂੰ ਵੀ ਪੁਰਾਣੇ ਮੁਲਾਜ਼ਮਾਂ ਵਾਂਗ ਹੀ ਬਣਦਾ ਗੁਣਾਂਕ ਦੇ ਕੇ ਨਵੀਂ ਬੇਸਿਕ ਦਿੱਤੀ ਜਾਵੇਗੀ। 

17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦੀ ਬਜਾਏ ਛੇਵੇਂ ਤਨਖਾਹ ਕਮਿਸ਼ਨ ਦੇ ਘੇਰੇ ਵਿੱਚ ਲਿਆਉਣ ਬਾਰੇ ਮੰਤਰੀ ਸਾਹਿਬ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।

ਬਾਰਡਰ ਏਰੀਆ ਭੱਤਾ ਅਤੇ ਇੰਜੀਨੀਅਰਿੰਗ ਕਾਡਰ ਦੇ ਤੇਲ ਭੱਤੇ ਸਮੇਤ ਰਹਿੰਦੇ ਸਮੂੰਹ ਭੱਤਿਆਂ ਦੇ ਪੱਤਰ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ ਗਿਆ।

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ  ਨਵੇਂ ਸਕੇਲਾਂ ‘ਤੇ ਕੇਂਦਰੀ ਪੈਟਰਨ ‘ਤੇ 17% ਡੀ.ਏ. ਦੇ ਜਾਰੀ ਕੀਤੇ ਪੱਤਰ ਦੇ ਨਾਲ 14% ਹੋਰ ਡੀ.ਏ. ਦਾ ਪੱਤਰ ਜਾਰੀ ਕਰਨ ਦੀ ਮੰਗ ‘ਤੇ ਮੰਤਰੀ ਸਾਹਿਬ ਵੱਲੋਂ ਦੀਵਾਲੀ ਤੋਂ ਪਹਿਲਾਂ 11% ਡੀ.ਏ. ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।

ਪੰਜਾਬ ਸਰਕਾਰ ਵੱਲੋਂ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੇ ਜਾਰੀ ਕੀਤੇ ਖਰੜੇ ਨੂੰ ਸਾਂਝੇ ਫਰੰਟ ਵੱਲੋਂ ਰੱਦ ਕਰਨ ‘ਤੇ ਮੰਤਰੀ ਸਾਹਿਬ ਨੇ ਦੱਸਿਆ ਕਿ ਇਸ ਖਰੜੇ ਵਿੱਚ ਸੋਧਾਂ ਕਰਕੇ ਇਸ ਨੂੰ ਕੈਬਨਿਟ ਵਿੱਚ ਜਲਦੀ ਪਾਸ ਕੀਤਾ ਜਾਵੇਗਾ। 

ਆਊਟ ਸੋਰਸ ਪ੍ਰਣਾਲੀ ਨੂੰ ਰੱਦ ਕਰਕੇ ਇਹਨਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ‘ਤੇ ਕੋਈ ਸਹਿਮਤੀ ਨਹੀਂ ਬਣੀਂ।

ਮਾਣ ਭੱਤਾ ਅਤੇ ਇਨਸੈਂਟਿਵ ‘ਤੇ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਆਂਗਨਵਾੜੀਆਂ ਨੂੰ ਘੱਟੋ ਘੱਟ ਉਜ਼ਰਤਾਂ ਦੇਣ ‘ਤੇ ਵੀ ਕੋਈ ਸਹਿਮਤੀ ਨਹੀਂ ਬਣ ਪਾਈ, ਪ੍ਰੰਤੂ ਮੰਤਰੀ ਸਾਹਿਬ ਵੱਲੋਂ ਇਹਨਾਂ ਦੇ ਭੱਤਿਆਂ ਵਿੱਚ ਵਾਧਾ ਕਰਨ ਦਾ ਭਰੋਸਾ ਜ਼ਰੂਰ ਦਿੱਤਾ ਗਿਆ।

ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ‘ਤੇ ਵੀ ਮੀਟਿੰਗ ਵਿੱਚ ਕੋਈ ਠੋਸ ਫੈਸਲਾ ਨਹੀਂ ਹੋਇਆ ਅਤੇ ਮੰਤਰੀ ਸਾਹਿਬ ਵੱਲੋਂ ਇਸ ਮੁੱਦੇ ਨੂੰ ਮੁੱਖ ਮੰਤਰੀ ਨਾਲ ਵਿਚਾਰਨ ਦੀ ਗੱਲ ਕਹੀ ਗਈ।

 ਅੱਜ ਦੀ ਇਸ ਮੀਟਿੰਗ ਤੋਂ ਬਾਅਦ ਸਾਂਝੇ ਫਰੰਟ ਦੇ ਹਾਜਰ ਕਨਵੀਨਰਾਂ ਨੇ ਸਮੂੰਹ ਮੰਗਾਂ ਦੀ ਪ੍ਰਾਪਤੀ ਤੱਕ ਮੋਰਿੰਡੇ ਦੇ ਪੱਕੇ ਮੋਰਚੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਪੰਜਾਬ ਦੇ ਮੁਲਾਜ਼ਮਾਂ ‘ਤੇ ਪੈਨਸ਼ਨਰਾਂ ਨੂੰ ਇਸ ਵਿੱਚ ਭਰਵੀਂ ਸ਼ਮੂਲੀਅਤ ਕਰਦੇ ਰਹਿਣ ਦੀ ਅਪੀਲ ਕੀਤੀ।

Spread the love

Leave a Reply

Your email address will not be published. Required fields are marked *

Back to top button