ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸੈਮੀਨਾਰ
Shiv Kumar:
ਪਟਿਆਲਾ, 10 ਦਸੰਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ‘ਚ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਿੰਦਰ ਕੌਰ ਵੱਲੋਂ ਕਾਲਜ ਦੇ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀਆਂ, ਆਂਗਣਵਾੜੀ ਵਰਕਰਜ਼ ਅਤੇ ਔਰਤ ਸਰਪੰਚ ਸਾਹਿਬਾਨ ਨੂੰ ਘਰੇਲੂ ਹਿੰਸਾ ਕਾਨੂੰਨ, ਕੰਮ ਕਾਰ ਵਾਲੀ ਥਾਂ ‘ਤੇ ਕਾਨੂੰਨ, ਔਰਤਾਂ ਦੇ ਸੰਪਤੀ ‘ਤੇ ਅਧਿਕਾਰ ਨਾਲ ਸੰਬੰਧਤ ਕਾਨੂੰਨ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ।
ਇਸ ਮੌਕੇ ਪੈਨਲ ਐਡਵੋਕੇਟ ਮਿਸ ਗੁਰਕੀਰਤ ਕੌਰ ਨੇ ਨੈਸ਼ਨਲ ਕਮਿਸ਼ਨ ਫ਼ਾਰ ਵੁਮੈਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਉਥੇ ਸ਼ਿਕਾਇਤ ਕਿਸ ਤਰਾਂ ਨਾਲ ਕੀਤੀ ਜਾ ਸਕਦੀ ਹੈ ਇਹ ਵੀ ਵਿਸਤਾਰ ਨਾਲ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਘਰੇਲੂ ਹਿੰਸਾ ਸੰਬੰਧੀ ਕਾਨੂੰਨ, ਆਈ ਪੀ ਸੀ ਦੀ ਧਾਰਾ 354 ਅਤੇ 326 ਏ ਬੀ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।
ਪ੍ਰੋਫੈਸਰ ਸਾਕਸ਼ੀ ਸੂਰੀ ਅਤੇ ਅਮਨਪ੍ਰੀਤ ਕੌਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਸਾਡੇ ਸਮਾਜ ਨੂੰ ਬਣਾਉਣ ਵਿੱਚ ਔਰਤਾਂ ਦੇ ਰੋਲ ਬਾਰੇ ਜਾਣਕਾਰੀ ਗਈ । ਉਨ੍ਹਾਂ ਅੱਗੇ ਦੱਸਿਆ ਕਿ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਬਾਲ ਵਿਕਾਸ ਦਫ਼ਤਰ ਦੇ ਸੁਪਰਵਾਈਜ਼ਰ ਜਸਵੀਰ ਕੌਰ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਇੰਸਪੈਕਟਰ ਕਰਮਜੀਤ ਕੌਰ ਵੱਲੋਂ ਪੁਲਿਸ ਦੀ ਸ਼ਕਤੀ ਐਪ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸ਼ਕਤੀ ਐਪ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ । ਇਸ ਐਪ ਰਾਹੀ ਔਰਤਾਂ ਮੁਸੀਬਤ ਦੇ ਸਮੇਂ ਪੁਲਿਸ ਨੂੰ ਅਤੇ ਆਪਣੇ ਸੰਬੰਧੀਆਂ ਨੂੰ ਸਨੇਹਾ ਭੇਜ ਸਕਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵੀ ਉਥੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਗਿਆ ।
ਇਸ ਦੌਰਾਨ ਮਿਸ ਸਾਨੀਆ ਮਿਰਜ਼ਾ, ਮਿਸ ਮਾਨਸੀ, ਮਿਸ ਕੰਨੂਪਰੀਤ ਕੌਰ ਅਤੇ ਮਿਸ ਅਸ਼ਰਾਫਹੂਨ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ‘ਤੇ ਬੋਲਿਆ ਗਿਆ ਅਤੇ ਮਿਸ ਸਿਮਰਜੋਤ ਕੌਰ ਵੱਲੋਂ ਇਸ ਵਿਸ਼ੇ ਤੇ ਇਕ ਗੀਤ ਵੀ ਗਾਇਆ ਗਿਆ। ਇਸ ਮੌਕੇ ਔਰਤਾਂ ਨਾਲ ਸੰਬੰਧਤ ਬਣੇ ਕਾਨੂੰਨਾਂ ਬਾਰੇ ਕਿਤਾਬਾਂ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਪੈਂਫ਼ਲਿਟ ਵੀ ਵੰਡੇ ਗਏ। ਪ੍ਰੋਗਰਾਮ ‘ਚ ਸ੍ਰੀ ਰਾਵਿੰਦਰ ਸਿੰਘ ਹੁੰਦਲ, ਪ੍ਰਿੰਸੀਪਲ, ਇੰਜੀਨੀਅਰ ਗੁਰਬਖਸ਼ਿਸ਼ ਸਿੰਘ, ਮਿਸ ਅੰਜੂ ਸੋਨੀ, ਆਂਗਣਵਾੜੀ ਵਰਕਰ ਵੀ ਮੌਜੂਦ ਸਨ।